ਸਾਈਬਰ ਠੱਗੀ ਦਾ ਜਾਲ: ਪੰਜਾਬ ’ਚ 75 ਹਜ਼ਾਰ ਤੋਂ ਵੱਧ ਮਾਮਲੇ, 740 ਕਰੋੜ ਦਾ ਨੁਕਸਾਨ

18/08/2026 | Public Times Bureau | Panjab

ਅਪਰਾਧ ਦਾ ਰੂਪ ਤੇਜ਼ੀ ਨਾਲ ਬਦਲ ਰਿਹਾ ਹੈ। ਸਾਈਬਰ ਠੱਗ ਮੋਬਾਈਲ ਅਤੇ ਇੰਟਰਨੈੱਟ ਨੂੰ ਹਥਿਆਰ ਬਣਾ ਕੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਨਿਸ਼ਾਨਾ ਬਣਾ ਰਹੇ ਹਨ। ਵੱਡੇ ਮੁਨਾਫ਼ੇ ਦਾ ਲਾਲਚ, ਪੁਲਿਸ ਦਾ ਡਰ, ਬੈਂਕ ਖਾਤਾ ਬੰਦ ਕਰਨ ਦੀ ਧਮਕੀ ਅਤੇ ਰਿਸ਼ਤੇਦਾਰਾਂ ਦੀ ਆਵਾਜ਼ ਦੀ ਨਕਲ ਵਰਗੇ ਤਰੀਕਿਆਂ ਰਾਹੀਂ ਠੱਗ ਲੋਕਾਂ ਦੇ ਭਰੋਸੇ ਦਾ ਫਾਇਦਾ ਚੁੱਕ ਰਹੇ ਹਨ। ਉਪਲਬਧ ਅੰਕੜਿਆਂ ਮੁਤਾਬਕ ਪੰਜਾਬ ਵਿੱਚ 2021 ਤੋਂ 2025 ਤੱਕ ਸਾਈਬਰ ਠੱਗੀ ਦੇ 75 ਹਜ਼ਾਰ ਤੋਂ ਵੱਧ ਮਾਮਲੇ ਦਰਜ ਹੋਏ ਅਤੇ ਲੋਕਾਂ ਨੂੰ ਕਰੀਬ 740 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸਾਲ 2025 ਵਿੱਚ ਪੰਜਾਬ ਪੁਲਿਸ ਨੇ ਸਾਈਬਰ ਠੱਗੀ ਨਾਲ ਜੁੜੇ 63,749 ਬੈਂਕ ਖਾਤੇ ਫਰੀਜ਼ ਕਰਵਾਏ, ਜਿਨ੍ਹਾਂ ਰਾਹੀਂ ਕਰੀਬ 530 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਸੀ। ਬਠਿੰਡਾ ਵਿੱਚ ਵੀ ਸਾਈਬਰ ਠੱਗੀ ਦਾ ਪੱਧਰ ਚਿੰਤਾਜਨਕ ਹੈ।

ਆਰਟੀਆਈ ਰਾਹੀਂ ਮਿਲੇ ਅੰਕੜਿਆਂ ਅਨੁਸਾਰ 2018 ਤੋਂ 15 ਮਈ 2026 ਤੱਕ ਜ਼ਿਲ੍ਹੇ ਵਿੱਚ ਆਨਲਾਈਨ ਠੱਗੀ ਦੀਆਂ 12,660 ਸ਼ਿਕਾਇਤਾਂ ਦਰਜ ਹੋਈਆਂ। ਇਨ੍ਹਾਂ ਵਿੱਚੋਂ 10,153 ਮਾਮਲਿਆਂ ਦੇ ਨਿਪਟਾਰੇ ਦਾ ਦਾਅਵਾ ਕੀਤਾ ਗਿਆ ਹੈ, ਜਦਕਿ 2,507 ਮਾਮਲੇ ਜਾਂਚ ਅਧੀਨ ਹਨ। ਇਸ ਦੌਰਾਨ ਲੋਕਾਂ ਦੇ ਕਰੀਬ 42.71 ਕਰੋੜ ਰੁਪਏ ਠੱਗੀ ਦਾ ਸ਼ਿਕਾਰ ਹੋਏ, ਪਰ ਪੁਲਿਸ ਲਗਭਗ 3.14 ਕਰੋੜ ਰੁਪਏ ਹੀ ਵਾਪਸ ਕਰਵਾ ਸਕੀ। ਡਿਜੀਟਲ ਅਰੇਸਟ ਬਣਿਆ ਵੱਡਾ ਹਥਿਆਰ ਸਾਈਬਰ ਠੱਗੀ ਵਿੱਚ ‘ਡਿਜੀਟਲ ਅਰੇਸਟ’ ਦਾ ਡਰ ਸਭ ਤੋਂ ਖ਼ਤਰਨਾਕ ਤਰੀਕਿਆਂ ਵਿੱਚੋਂ ਇੱਕ ਬਣ ਕੇ ਸਾਹਮਣੇ ਆਇਆ ਹੈ। ਬਠਿੰਡਾ ਵਿੱਚ ਜੁਲਾਈ 2026 ਦੌਰਾਨ 78 ਸਾਲਾ ਸੇਵਾਮੁਕਤ ਫੌਜੀ ਇੰਜਨੀਅਰ ਅਸ਼ੋਕ ਕੁਮਾਰ ਨੂੰ ਦਿੱਲੀ ਪੁਲਿਸ ਅਤੇ ਅੱਤਵਾਦ ਵਿਰੋਧੀ ਦਸਤੇ ਦੇ ਅਧਿਕਾਰੀ ਬਣ ਕੇ ਠੱਗਾਂ ਨੇ ਵੀਡੀਓ ਕਾਲ ’ਤੇ ਰੱਖਿਆ ਅਤੇ ਗੰਭੀਰ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ 35 ਲੱਖ ਰੁਪਏ ਟਰਾਂਸਫਰ ਕਰਵਾ ਲਏ। ਜਲੰਧਰ ਦੇ ਸੇਵਾਮੁਕਤ ਪੀਐੱਸਪੀਸੀਐੱਲ ਮੁੱਖ ਇੰਜਨੀਅਰ ਸੁਖਮੰਦਰ ਸਿੰਘ ਨਾਲ ਵੀ 2025 ਵਿੱਚ ਇਸੇ ਤਰੀਕੇ ਨਾਲ ਠੱਗੀ ਹੋਈ।

ਡਿਜੀਟਲ ਅਰੇਸਟ ਦਾ ਡਰ ਦਿਖਾ ਕੇ ਉਨ੍ਹਾਂ ਤੋਂ ਵੱਖ-ਵੱਖ ਖਾਤਿਆਂ ਵਿੱਚ 12 ਕਰੋੜ ਰੁਪਏ ਟਰਾਂਸਫਰ ਕਰਵਾਏ ਗਏ। ਮਾਮਲਾ ਹਾਈ ਕੋਰਟ ਤੱਕ ਪੁੱਜਣ ਤੋਂ ਬਾਅਦ 17 ਮਾਰਚ 2026 ਦੇ ਹੁਕਮਾਂ ਰਾਹੀਂ ਜਾਂਚ ਸੀਬੀਆਈ ਨੂੰ ਸੌਂਪੀ ਗਈ। ਬਠਿੰਡਾ ਦੇ ਵਕੀਲ ਹਰਿੰਦਰ ਸਿੰਘ ਨੂੰ ਵੀ ਠੱਗਾਂ ਨੇ ਸੀਬੀਆਈ ਅਧਿਕਾਰੀ ਬਣ ਕੇ 14 ਦਿਨਾਂ ਤੱਕ ਡਿਜੀਟਲ ਅਰੇਸਟ ਰੱਖਿਆ। ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਵੱਖ-ਵੱਖ ਖਾਤਿਆਂ ਵਿੱਚ 90 ਲੱਖ ਰੁਪਏ ਟਰਾਂਸਫਰ ਕਰਵਾਏ ਗਏ। ਅੰਕੜੇ ਦੱਸਦੇ ਹਨ ਕਿ ਸਾਈਬਰ ਠੱਗੀ ਸਿਰਫ਼ ਵਿੱਤੀ ਨੁਕਸਾਨ ਦਾ ਮਾਮਲਾ ਨਹੀਂ ਰਹੀ, ਸਗੋਂ ਡਿਜੀਟਲ ਤਕਨੀਕ ਰਾਹੀਂ ਲੋਕਾਂ ਦੇ ਡਰ ਅਤੇ ਭਰੋਸੇ ਨੂੰ ਨਿਸ਼ਾਨਾ ਬਣਾਉਣ ਵਾਲਾ ਗੰਭੀਰ ਅਪਰਾਧ ਬਣ ਚੁੱਕੀ ਹੈ। ਪੈਸਾ ਖਾਤੇ ਵਿੱਚੋਂ ਨਿਕਲਣ ਤੋਂ ਬਾਅਦ ਉਸ ਦੀ ਵਾਪਸੀ ਵੀ ਪੁਲਿਸ ਲਈ ਵੱਡੀ ਚੁਣੌਤੀ ਬਣੀ ਹੋਈ ਹੈ।

Web Of Cyber fraud Over 75 000 Cases In Punjab Losses Worth 740 Crore


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App