ਕੈਨੇਡਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨੂੰ ਇਮੀਗ੍ਰੇਸ਼ਨ ਨੀਤੀ ਦੇ ਮੁੱਦੇ ’ਤੇ ਵੱਡੀ ਰਾਹਤ ਮਿਲੀ ਹੈ। 25 ਨਵੰਬਰ ਨੂੰ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵ ਵੱਲੋਂ ਸਰਕਾਰ ਦੀ ਇਮੀਗ੍ਰੇਸ਼ਨ ਯੋਜਨਾ ਖ਼ਿਲਾਫ਼ ਪੇਸ਼ ਕੀਤਾ ਗਿਆ ਮਤਾ 21 ਵੋਟਾਂ ਦੇ ਫ਼ਰਕ ਨਾਲ ਰੱਦ ਹੋ ਗਿਆ। ਮਤੇ ਦੇ ਹੱਕ ਵਿੱਚ 154 ਅਤੇ ਵਿਰੋਧ ਵਿੱਚ 175 ਵੋਟਾਂ ਪਈਆਂ। ਵੋਟਿੰਗ ਦੌਰਾਨ ਐਨਡੀਪੀ ਅਤੇ ਗਰੀਨ ਪਾਰਟੀ ਨੇ ਲਿਬਰਲ ਸਰਕਾਰ ਦਾ ਸਾਥ ਦਿੱਤਾ, ਜਦਕਿ ਬਲਾਕ ਕਿਊਬਿਕਾ ਨੇ ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿੱਚ ਵੋਟ ਪਾਈ।
ਕਾਰਨੀ ਸਰਕਾਰ ਦੀ 2027 ਤੋਂ 2029 ਤੱਕ ਦੀ ਇਮੀਗ੍ਰੇਸ਼ਨ ਯੋਜਨਾ ਤਹਿਤ ਹਰ ਸਾਲ 3.80 ਲੱਖ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ (PR) ਦੇਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਯੋਜਨਾਵਾਂ ਅਤੇ ਪਹਿਲਾਂ ਤੋਂ ਲੰਬਿਤ ਮਾਮਲਿਆਂ ਨੂੰ ਮਿਲਾ ਕੇ 2027 ਵਿੱਚ PR ਹਾਸਲ ਕਰਨ ਵਾਲਿਆਂ ਦੀ ਸੰਭਾਵਿਤ ਗਿਣਤੀ 6.62 ਲੱਖ ਤੱਕ ਪਹੁੰਚ ਸਕਦੀ ਹੈ।
ਕੰਜ਼ਰਵੇਟਿਵ ਪਾਰਟੀ ਨੇ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਵਧਦੀ ਆਬਾਦੀ ਕਾਰਨ ਘਰਾਂ ਦੀ ਕਿੱਲਤ, ਬੇਰੁਜ਼ਗਾਰੀ ਅਤੇ ਸਿਹਤ ਸੇਵਾਵਾਂ ਸਮੇਤ ਜਨਤਕ ਸਹੂਲਤਾਂ ’ਤੇ ਦਬਾਅ ਵਧ ਰਿਹਾ ਹੈ। ਪਾਰਟੀ ਨੇ ਮੰਗ ਕੀਤੀ ਕਿ ਇਮੀਗ੍ਰੇਸ਼ਨ ਦੀ ਗਿਣਤੀ ਦੇਸ਼ ਦੀ ਰਿਹਾਇਸ਼, ਰੁਜ਼ਗਾਰ ਅਤੇ ਬੁਨਿਆਦੀ ਸਹੂਲਤਾਂ ਦੀ ਸਮਰੱਥਾ ਦੇ ਮੁਤਾਬਕ ਤੈਅ ਹੋਣੀ ਚਾਹੀਦੀ ਹੈ।
ਦੂਜੇ ਪਾਸੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਰਕਾਰ ਦੀ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਕੰਟਰੋਲ ਹੇਠ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਸਪੱਸ਼ਟ ਕੀਤਾ ਕਿ PR ਹਾਸਲ ਕਰਨ ਵਾਲੇ ਬਹੁਤ ਸਾਰੇ ਲੋਕ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ। ਇਸ ਲਈ 2027 ਵਿੱਚ 6.62 ਲੱਖ PR ਦਾ ਅੰਕੜਾ ਇੰਨੇ ਨਵੇਂ ਲੋਕਾਂ ਦੇ ਵਿਦੇਸ਼ਾਂ ਤੋਂ ਕੈਨੇਡਾ ਆਉਣ ਦਾ ਸੰਕੇਤ ਨਹੀਂ ਦਿੰਦਾ। ਜ਼ਿਕਰਯੋਗ ਹੈ ਕਿ ਸੰਸਦ ਵਿੱਚ ਪੇਸ਼ ਕੀਤਾ ਗਿਆ ਇਹ ਮਤਾ ਗੈਰ-ਬਾਈਡਿੰਗ ਸੀ, ਜਿਸ ਕਾਰਨ ਇਸ ਦੇ ਰੱਦ ਹੋਣ ਨਾਲ ਸਰਕਾਰ ਨੂੰ ਆਪਣੀ ਇਮੀਗ੍ਰੇਸ਼ਨ ਨੀਤੀ ਬਦਲਣ ਦੀ ਕਾਨੂੰਨੀ ਮਜਬੂਰੀ ਨਹੀਂ ਹੈ।
Relief For The Carney Government Regarding Immigration Policy In Canada Opposition Motion Rejected
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)