ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਬਰਨਾਲਾ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਸੌਦਾਗਰ ਸਿੰਘ ਨੂੰ ਖੰਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਹਨ।
ਸੌਦਾਗਰ ਸਿੰਘ ਵੀਰਵਾਰ ਨੂੰ ਖੰਨਾ ਦੇ ਪ੍ਰੇਮ ਵੈਸ਼ਨੋ ਢਾਬੇ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ੀ ਲਈ ਪਹੁੰਚੇ ਸਨ। ਇਸ ਦੌਰਾਨ ਉੱਥੇ ਮੌਜੂਦ ਬਰਨਾਲਾ ਪੁਲਿਸ ਦੀ ਟੀਮ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਖੰਨਾ ਸਿਟੀ ਥਾਣਾ ਪੁਲਿਸ ਨੂੰ ਸੂਚਿਤ ਕੀਤਾ। ਥਾਣੇ ਵਿੱਚ ਡੀਡੀਆਰ ਦਰਜ ਕਰਨ ਤੋਂ ਬਾਅਦ ਬਰਨਾਲਾ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ।
ਪੁਲਿਸ ਮੁਤਾਬਕ ਇਹ ਗ੍ਰਿਫ਼ਤਾਰੀ 12 ਸਤੰਬਰ ਦੀ ਰਾਤ ਗੁਲਾਬ ਸਿੱਧੂ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਨਾਲ ਸਬੰਧਤ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਸੌਦਾਗਰ ਸਿੰਘ ਦੀ ਕਥਿਤ ਭੂਮਿਕਾ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਖੰਨਾ ਵਿੱਚ ਗੋਲੀਬਾਰੀ ਅਤੇ ਫਿਰੌਤੀ ਨਾਲ ਸਬੰਧਤ ਮਾਮਲਿਆਂ ਵਿੱਚ ਪਹਿਲਾਂ ਵੀ ਸ਼ਗਨਪ੍ਰੀਤ ਸਿੰਘ ਦੇ ਮਾਤਾ-ਪਿਤਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਹਾਈ ਕੋਰਟ ਨੇ ਹਾਲ ਹੀ ਵਿੱਚ ਖੰਨਾ ਪੁਲਿਸ ਵੱਲੋਂ ਦਰਜ ਤਿੰਨ ਮਾਮਲਿਆਂ ਦੀ ਜਾਂਚ ਡੀਆਈਜੀ ਪੱਧਰ ਦੇ ਅਧਿਕਾਰੀ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਅਗਲੇ ਦਿਨ ਹੀ ਸੌਦਾਗਰ ਸਿੰਘ ਦੀ ਗ੍ਰਿਫ਼ਤਾਰੀ ਹੋਈ ਹੈ।
ਖੰਨਾ ਸਿਟੀ ਥਾਣਾ ਮੁਖੀ ਸੰਦੀਪ ਕੁਮਾਰ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਬਰਨਾਲਾ ਪੁਲਿਸ ਹੁਣ ਸੌਦਾਗਰ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਅਤੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਗੁਲਾਬ ਸਿੱਧੂ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਨਾਲ ਉਨ੍ਹਾਂ ਦਾ ਕਥਿਤ ਤੌਰ ’ਤੇ ਕੀ ਸਬੰਧ ਹੈ।
Shooting Incident At Gulab Sidhu s House Saudagar Singh Arrested From Khanna
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)