ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 539ਵੇਂ ਵਿਆਹ ਪੁਰਬ ਮੌਕੇ ਜੋੜਾ ਘਰ ਸੇਵਾ ਸੁਸਾਇਟੀ ਵੱਲੋਂ ਦੇਸ਼-ਵਿਦੇਸ਼ ਤੋਂ ਬਟਾਲਾ ਪਹੁੰਚਣ ਵਾਲੀ ਸੰਗਤ ਲਈ ਕਰੀਬ 15 ਟਨ ਰਵਾਇਤੀ ਭਾਜੀ (ਮਠਿਆਈ) ਤਿਆਰ ਕੀਤੀ ਜਾ ਰਹੀ ਹੈ। ਵਿਆਹ ਪੁਰਬ ਸਬੰਧੀ ਜੋੜ ਮੇਲਾ 18 ਸਤੰਬਰ ਨੂੰ ਮਨਾਇਆ ਜਾਵੇਗਾ, ਜਦਕਿ 19 ਸਤੰਬਰ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਬਾਹਰ ਸੰਗਤ ਨੂੰ ਇਹ ਭਾਜੀ ਪ੍ਰਸ਼ਾਦ ਵਜੋਂ ਵੰਡੀ ਜਾਵੇਗੀ।
ਭਾਜੀ ਤਿਆਰ ਕਰਨ ਲਈ ਟੀਨਾ ਸੋਨੂ ਹਲਵਾਈ ਦੇ 12 ਕਾਰੀਗਰ ਪਿਛਲੇ 15 ਦਿਨਾਂ ਤੋਂ ਸੇਵਾ ਨਿਭਾਅ ਰਹੇ ਹਨ। ਹਲਵਾਈ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਮਠਿਆਈ ਤਿਆਰ ਕਰ ਰਹੇ ਹਨ। ਇਸ ਵਾਰ ਭਾਜੀ ਬਣਾਉਣ ਲਈ ਗੈਸ ਸਿਲੰਡਰਾਂ ਦੀ ਬਜਾਏ ਡੀਜ਼ਲ ਭੱਠੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਜੋੜਾ ਘਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸੈਣੀ ਅਤੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਸਮਰੱਥ ਵਾਲਿਆਂ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਸ਼ੁਰੂ ਹੋਈ ਇਹ ਸੇਵਾ ਪਹਿਲਾਂ 4 ਕੁਇੰਟਲ ਭਾਜੀ ਤੋਂ ਸ਼ੁਰੂ ਹੋਈ ਸੀ, ਜੋ ਹੁਣ ਵਧ ਕੇ ਕਰੀਬ 15 ਟਨ ਤੱਕ ਪਹੁੰਚ ਗਈ ਹੈ। ਇਸ ਵਿੱਚ ਗੁਨੇ, ਵੜੇ, ਸ਼ੱਕਰਪਾਰੇ, ਨਮਕੀਨ ਮੱਠੀ, ਸੀਰਨੀ, ਕਾਠੀ ਅਤੇ ਬਦਾਨਾ ਸ਼ਾਮਲ ਹਨ। ਮਠਿਆਈ ਤਿਆਰ ਕਰਨ ਲਈ ਘਿਓ, ਰਿਫਾਇਡ ਅਤੇ ਸਰ੍ਹੋਂ ਦੇ ਤੇਲ ਦੇ ਕਰੀਬ 300 ਪੀਪਿਆਂ ਦੀ ਵਰਤੋਂ ਕੀਤੀ ਜਾਵੇਗੀ।
ਸੁਸਾਇਟੀ ਵੱਲੋਂ ਉਨ੍ਹਾਂ ਸ਼ਰਧਾਲੂਆਂ ਲਈ ਵੀ ਪ੍ਰਸ਼ਾਦ ਘਰ ਭੇਜਣ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜੋ ਵਿਆਹ ਪੁਰਬ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਸ ਲਈ ਹਰ ਸਾਲ ਮੋਬਾਈਲ ਨੰਬਰ ਜਾਰੀ ਕੀਤਾ ਜਾਂਦਾ ਹੈ, ਜਿਸ ’ਤੇ ਸ਼ਰਧਾਲੂ ਸੰਪਰਕ ਕਰਕੇ ਪ੍ਰਸ਼ਾਦ ਮੰਗਵਾ ਸਕਦੇ ਹਨ।
ਸਤਨਾਮ ਸਿੰਘ ਸਮਰੱਥ ਵਾਲਿਆਂ ਨੇ ਦੱਸਿਆ ਕਿ ਸੁਸਾਇਟੀ ਪਿਛਲੇ 14 ਸਾਲਾਂ ਤੋਂ ਵਿਆਹ ਪੁਰਬ ਮੌਕੇ ਸੰਗਤ ਨੂੰ ਮਠਿਆਈ ਪ੍ਰਸ਼ਾਦ ਵਜੋਂ ਵੰਡਣ ਦੀ ਸੇਵਾ ਨਿਭਾਅ ਰਹੀ ਹੈ। ਇਸ ਸੇਵਾ ਵਿੱਚ ਸੁੱਖਾ ਸਿੰਘ ਲੰਗਾਹ, ਮੇਜਰ ਸਿੰਘ ਉਮਰਪੁਰਾ, ਲਖਬੀਰ ਸਿੰਘ ਠੇਕੇਦਾਰ, ਭੁਪਿੰਦਰ ਸਿੰਘ, ਅਮਰਜੀਤ ਸਿੰਘ ਬਾਜ, ਡਾ. ਇੰਦਰਜੀਤ ਸਿੰਘ, ਹਰਜੀਤ ਸਿੰਘ ਚੀਮਾ, ਪ੍ਰਦੀਪ ਸਿੰਘ, ਨਪਿੰਦਰ ਸਿੰਘ, ਵਰਿੰਦਰ ਸਿੰਘ, ਰਵੀ ਗਿੱਲ, ਸੁਖਮਨਦੀਪ ਸਿੰਘ ਸਮੇਤ ਹੋਰ ਅਹੁਦੇਦਾਰ ਸਹਿਯੋਗ ਕਰ ਰਹੇ ਹਨ।
ਗੁਰਦੁਆਰਾ ਕੰਧ ਸਾਹਿਬ ਤੇ ਡੇਹਰਾ ਸਾਹਿਬ ਵਿਖੇ ਵੀ ਸੇਵਾ ਭਾਜੀ ਤਿਆਰ ਕਰਨ ਤੋਂ ਇਲਾਵਾ ਜੋੜਾ ਘਰ ਸੇਵਾ ਸੁਸਾਇਟੀ ਵੱਲੋਂ ਵਿਆਹ ਪੁਰਬ ਦੀਆਂ ਤਿਆਰੀਆਂ ਦੌਰਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਡੇਹਰਾ ਸਾਹਿਬ ਵਿਖੇ ਰੰਗ-ਰੋਗਨ, ਪਾਣੀ ਦੀਆਂ ਟੈਂਕੀਆਂ ਦੀ ਸਫਾਈ ਅਤੇ ਸਜਾਵਟ ਦੀ ਸੇਵਾ ਵੀ ਕੀਤੀ ਜਾਂਦੀ ਹੈ। ਜੋੜਾ ਘਰ ਵਿੱਚ ਜੋੜਿਆਂ ਦੀ ਸੇਵਾ ਦੇ ਨਾਲ-ਨਾਲ ਸੁਸਾਇਟੀ ਵੱਲੋਂ ਵਿਆਹ ਪੁਰਬ ਨਾਲ ਸਬੰਧਤ ਵੱਖ-ਵੱਖ ਸੇਵਾ ਕਾਰਜਾਂ ਵਿੱਚ ਵੀ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ।
The Jora Ghar Seva Society Will Serve The Sangat With 15 Tonnes Of bhaji traditional Wedding Refreshments On The Occasion Of The Wedding Anniversary
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)