ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਜੰਮਹੂਰੀ ਕਦਰਾਂ ਦੀ ਦੁਹਾਈ ਦੇਣ ਵਾਲੇ ਅਮਰੀਕਾ ਵਿੱਚ ਭਾਰਤੀ ਅਤੇ ਖ਼ਾਸਕਰ ਪੰਜਾਬੀ ਭਾਈਚਾਰੇ ਨਾਲ ਨਸਲੀ ਵਰਤਾਰੇ ਦੇ ਮਾਮਲੇ ਵੱਧ ਰਹੇ ਹਨ। ਇਸਦੀ ਤਾਜ਼ਾ ਮਿਸਾਲ ਟੈਕਸਾਸ ਦੇ ਕੈਲਰ ਸ਼ਹਿਰ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀ ਜਗਬਿੰਦਰ ਸਿੰਘ ਸੰਧੂ (ਜੋਗਾ ਸੰਧੂ) ਨਾਲ ਵਾਪਰੇ ਘਟਨਾਕ੍ਰਮ ਤੋਂ ਮਿਲਦੀ ਹੈ, ਜਿਸ ਨੇ ਅਮਰੀਕੀ ਪ੍ਰਸ਼ਾਸਨ ਦੇ ਦੋਹਰੇ ਮਾਪਦੰਡਾਂ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ।
ਸ੍ਰੀ ਅੰਮ੍ਰਿਤਸਰ ਨਾਲ ਸਬੰਧਤ ਸੰਧੂ 2001 ਵਿੱਚ ਅਮਰੀਕਾ ਗਿਆ ਸੀ ਅਤੇ 2003 ਤੋਂ ਟੈਕਸਾਸ ਵਿੱਚ ਰਹਿੰਦਾ ਹੈ। ਲੰਬੇ ਸਮੇਂ ਤੋਂ ਸਫ਼ਲ ਕਾਰੋਬਾਰ ਕਰਨ ਕਾਰਨ ਉਹ ਉਥੇ ਦੀ ਸਮਾਜਿਕ ਤਸਵੀਰ ਵਿੱਚ ਮਜ਼ਬੂਤ ਪਛਾਣ ਰੱਖਦਾ ਹੈ। ਪਰ ਬੀਤੇ ਦਿਨਾਂ ਉਸਨੂੰ ਜ਼ਬਰਦਸਤੀ ਡਰਿੰਕ ਡਰਾਈਵਿੰਗ ਦੇ ਝੂਠੇ ਦੋਸ਼ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ।
ਸੰਧੂ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਉਹ ਆਪਣੀ ਪੂਰੀ ਜ਼ਿੰਦਗੀ ਵਿੱਚ ਨਾ ਕਦੇ ਸ਼ਰਾਬ ਪੀਂਦਾ ਹੈ ਅਤੇ ਨਾ ਕੋਈ ਨਸ਼ਾ ਕਰਦਾ ਹੈ। ਬਾਵਜੂਦ ਇਸਦੇ, ਸਿਰਫ਼ ਇਕ “ਸਿੰਘ” ਨਾਮ ਅਤੇ ਪੰਜਾਬੀ ਹੋਣ ਕਰਕੇ ਉਸਨੂੰ ਨਿਸ਼ਾਨਾ ਬਣਾਇਆ ਗਿਆ।
ਘਟਨਾ ਉਸ ਵੇਲੇ ਵਾਪਰੀ ਜਦੋਂ ਸੰਧੂ ਰਾਤ 2 ਵਜੇ ਕਿਸੇ ਰਿਸ਼ਤੇਦਾਰ ਦੀ ਪਾਰਟੀ ਤੋਂ ਘਰ ਵਾਪਸ ਆ ਰਿਹਾ ਸੀ। ਕੈਲਰ ਪੁਲਿਸ ਨੇ ਉਸਨੂੰ ਰਾਹ ਵਿੱਚ ਰੋਕਿਆ, ਟ੍ਰੈਫਿਕ ਨਿਯਮ ਤੋੜਨ ਦਾ ਦੋਸ਼ ਲਗਾਇਆ, ਅਤੇ ਗੱਡੀ ਤੋਂ ਘਸੀਟ ਕੇ ਹਿਰਾਸਤ ਵਿੱਚ ਲੈ ਗਿਆ। ਸੰਧੂ ਮੁਤਾਬਕ, ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਸੀ ਅਤੇ ਪੁਲਿਸ ਦੀ ਕਾਰਵਾਈ ਸਾਫ਼ ਤੌਰ ’ਤੇ ਨਸਲੀ ਪੱਖਪਾਤ ਦਾ ਨਤੀਜਾ ਸੀ।
ਪੁਲਿਸ ਨੇ ਉਸਨੂੰ ਬ੍ਰਿਥ ਐਨਾਲਾਈਜ਼ਰ ਟੈਸਟ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਕਿਸੇ ਵੀ ਨਸ਼ੇ ਦੇ ਸੇਵਨ ਤੋਂ ਇਨਕਾਰ ਕਰਦਾ ਹੈ। ਫਿਰ ਵੀ ਪੁਲਿਸ ਨੇ ਉਸਦਾ ਮੈਡੀਕਲ ਕਰਵਾਇਆ, ਜਿਸ ਬਾਰੇ ਸੰਧੂ ਕਹਿੰਦਾ ਹੈ ਕਿ "ਰਿਪੋਰਟ ਸੱਚ ਅਤੇ ਝੂਠ ਦਾ ਫ਼ੈਸਲਾ ਕਰੇਗੀ।"
ਘਟਨਾ ਨੇ ਅਮਰੀਕੀ ਅਤੇ ਭਾਰਤੀ ਪੰਜਾਬੀ ਭਾਈਚਾਰੇ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਲੋਕਾਂ ਨੇ ਅਮਰੀਕੀ ਪ੍ਰਸ਼ਾਸਨ ਤੋਂ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ, ਤਾਂ ਜੋ ਨਸਲੀ ਵਿਤਕਰੇ ਦੇ ਮੁੜਦੇ ਕੇਸਾਂ ‘ਤੇ ਰੋਕ ਲੱਗ ਸਕੇ।
ਸੰਧੂ ਨੇ ਐਲਾਨ ਕੀਤਾ ਹੈ ਕਿ ਉਹ ਉਸਨੂੰ ਤੰਗ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰੇਗਾ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਭਾਰਤੀ ਨਾਗਰਿਕ ਨਾਲ ਅਜਿਹਾ ਜ਼ਿਆਦਤੀ ਭਰਿਆ ਵਰਤਾਵ ਨਾ ਹੋਵੇ।
Racial Discrimination Against Indian Citizen Of Punjabi Origin In America Victim Sandhu Exposes The Face Of The American Administration