ਕ੍ਰਿਕਟਰ ਅਰਸ਼ਦੀਪ ਸਿੰਘ ਨਾਲ ਮੰਗਣੀ ਤੋਂ ਬਾਅਦ ਅਦਾਕਾਰਾ ਸਮਰੀਨ ਕੌਰ ਨੇ ਯੂਟਿਊਬਰ ਆਸ਼ੀਸ਼ ਚੰਚਲਾਨੀ ਨਾਲ ਜੋੜੀਆਂ ਜਾ ਰਹੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸਮਰੀਨ ਨੇ ਸਪੱਸ਼ਟ ਕੀਤਾ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੀ ਆਸ਼ੀਸ਼ ਨਾਲ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਨੇ ਗੁੰਮਰਾਹਕੁੰਨ ਖ਼ਬਰਾਂ ਅਤੇ ਕਲਿੱਕਬੇਟ ਕੰਟੈਂਟ ਬਣਾਉਣ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।
ਸਮਰੀਨ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਆਸ਼ੀਸ਼ ਨਾਲ ਕੰਮ ਕੀਤਾ ਸੀ। ਇਸ ਤੋਂ ਬਾਅਦ ਨਾ ਤਾਂ ਦੋਵਾਂ ਵਿਚਾਲੇ ਕੋਈ ਸੰਪਰਕ ਰਿਹਾ ਅਤੇ ਨਾ ਹੀ ਇਕੱਠਿਆਂ ਕੋਈ ਕੰਟੈਂਟ ਬਣਾਇਆ ਗਿਆ। ਇਸ ਦੇ ਬਾਵਜੂਦ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਐਡਿਟ ਕਰਕੇ ਉਨ੍ਹਾਂ ਬਾਰੇ ਨਵੀਆਂ ਕਹਾਣੀਆਂ ਫੈਲਾਈਆਂ ਜਾ ਰਹੀਆਂ ਹਨ।
ਅਦਾਕਾਰਾ ਨੇ ਪੌਡਕਾਸਟਾਂ ਵਿੱਚ ਚਰਚਾ ਅਧੀਨ ਲੜਕੀ ਨਾਲ ਆਪਣਾ ਨਾਂ ਜੋੜੇ ਜਾਣ ’ਤੇ ਵੀ ਸਫ਼ਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਉਸ ਲੜਕੀ ਨਹੀਂ ਹਨ ਅਤੇ ਕਈ ਵਾਰ ਪਹਿਲਾਂ ਵੀ ਆਪਣਾ ਪੱਖ ਸਪੱਸ਼ਟ ਕਰ ਚੁੱਕੇ ਹਨ। ਸਮਰੀਨ ਮੁਤਾਬਕ, ਬਿਨਾਂ ਤੱਥਾਂ ਦੀ ਜਾਂਚ ਕੀਤੇ ਅਜਿਹੀਆਂ ਗੱਲਾਂ ਫੈਲਾਉਣਾ ਉਨ੍ਹਾਂ ਦੀ ਸਾਖ ਅਤੇ ਪਰਿਵਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਦੀ ਟੀਮ ਅਜਿਹੇ ਕੰਟੈਂਟ ਕ੍ਰਿਏਟਰਾਂ ਵਿਰੁੱਧ ਕਾਨੂੰਨੀ ਕਦਮ ਚੁੱਕੇਗੀ।
ਜ਼ਿਕਰਯੋਗ ਹੈ ਕਿ ਸਮਰੀਨ ਅਤੇ ਅਰਸ਼ਦੀਪ ਨੇ 11 ਨਵੰਬਰ 2026 ਨੂੰ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਨਿਊਜ਼ੀਲੈਂਡ ਵਿੱਚ ਝੀਲ ਕਿਨਾਰੇ ਅਰਸ਼ਦੀਪ ਨੇ ਗੋਡਿਆਂ ਭਾਰ ਬੈਠ ਕੇ ਸਮਰੀਨ ਨੂੰ ਅੰਗੂਠੀ ਪਹਿਨਾਈ ਸੀ।
ਦੋਵਾਂ ਦੇ ਰਿਸ਼ਤੇ ਦੀਆਂ ਚਰਚਾਵਾਂ ਅਪ੍ਰੈਲ 2026 ਵਿੱਚ ਸ਼ੁਰੂ ਹੋਈਆਂ ਸਨ। ਇਸ ਤੋਂ ਬਾਅਦ ਸਮਰੀਨ ਨੂੰ ਕਈ ਵਾਰ ਪੰਜਾਬ ਕਿੰਗਜ਼ ਦੇ ਮੈਚਾਂ ਦੌਰਾਨ ਅਰਸ਼ਦੀਪ ਦਾ ਹੌਸਲਾ ਵਧਾਉਂਦੇ ਦੇਖਿਆ ਗਿਆ। ਮਈ ਵਿੱਚ ਧਰਮਸ਼ਾਲਾ ਅਤੇ ਚੰਡੀਗੜ੍ਹ ਵਿੱਚ ਵੀ ਦੋਵਾਂ ਦੇ ਇਕੱਠਿਆਂ ਹੋਣ ਦੀਆਂ ਵੀਡੀਓਜ਼ ਸਾਹਮਣੇ ਆਈਆਂ ਸਨ। ਹੁਣ ਮੰਗਣੀ ਦੇ ਐਲਾਨ ਨਾਲ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ ਹੈ।
Samreen Kaur Issues A Stern Warning Following Her Engagement To Arshdeep Makes A Revelation About Ashish Chanchlani
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)