ਚੰਡੀਗੜ੍ਹ -ਡੰਪਿੰਗ ਗਰਾਊਂਡ ਦੀ ਸਫਾਈ ਅਤੇ ਕੂੜਾ ਚੁੱਕਣ ਦੇ ਕੰਮ ਨਾਲ ਜੁੜੇ ਕਥਿਤ ਰਿਸ਼ਵਤ ਮਾਮਲੇ ਵਿੱਚ ਸੀਬੀਆਈ ਨੇ ਬੁੱਧਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸ਼ਕਤੀ ਸ਼ਰਮਾ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਕਾਰਵਾਈ ਸੈਕਟਰ-11 ਦੀ ਮਾਰਕੀਟ ਵਿੱਚ ਇੱਕ ਕਾਰ ਅੰਦਰ ਕੀਤੀ ਗਈ। ਜਾਣਕਾਰੀ ਮੁਤਾਬਕ, ਡੰਪਿੰਗ ਗਰਾਊਂਡ ਵਿੱਚ ਜੇਸੀਬੀ ਮਸ਼ੀਨਾਂ ਰਾਹੀਂ ਕੂੜਾ ਚੁੱਕਣ ਦਾ ਕੰਮ ਕਰ ਰਹੇ ਠੇਕੇਦਾਰ ਪ੍ਰਸ਼ਾਂਤ ਨੇ ਸੀਬੀਆਈ ਕੋਲ ਸ਼ਿਕਾਇਤ ਕੀਤੀ ਸੀ। ਦੋਸ਼ ਹੈ ਕਿ ਬਕਾਇਆ ਬਿੱਲ ਜਾਰੀ ਕਰਨ ਦੇ ਬਦਲੇ ਸ਼ਕਤੀ ਸ਼ਰਮਾ ਨੇ ਠੇਕੇਦਾਰ ਤੋਂ 14 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਵਿੱਚ ਹਰ ਮਹੀਨੇ ਇੱਕ ਲੱਖ ਰੁਪਏ ਦੇਣ ਦੀ ਮੰਗ ਵੀ ਸ਼ਾਮਲ ਦੱਸੀ ਜਾ ਰਹੀ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਟਰੈਪ ਲਗਾਇਆ ਅਤੇ 5 ਲੱਖ ਰੁਪਏ ਲੈਂਦੇ ਸਮੇਂ ਸ਼ਕਤੀ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਜਾਂਚ ਦੌਰਾਨ ਸੀਬੀਆਈ ਵੱਲੋਂ ਨਗਰ ਨਿਗਮ ਦੇ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਮਾਮਲੇ ਵਿੱਚ ਸੈਨੇਟਰੀ ਵਿੰਗ ਤੋਂ ਇਲਾਵਾ ਮੈਡੀਕਲ ਅਫਸਰ ਆਫ਼ ਹੈਲਥ (MOH) ਅਤੇ ਇੰਜੀਨੀਅਰਿੰਗ ਵਿਭਾਗ ਨਾਲ ਜੁੜੇ ਕੁਝ ਅਧਿਕਾਰੀਆਂ ਦੀ ਭੂਮਿਕਾ ਵੀ ਸਾਹਮਣੇ ਆ ਸਕਦੀ ਹੈ। ਸੀਬੀਆਈ ਵੱਲੋਂ ਕਾਲ ਡਿਟੇਲ ਅਤੇ ਟੈਂਡਰ ਪ੍ਰਕਿਰਿਆ ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਇਹ ਮਾਮਲਾ ਡੰਪਿੰਗ ਗਰਾਊਂਡ ਤੋਂ ਕੂੜਾ ਚੁੱਕਣ ਅਤੇ ਨਿਪਟਾਰੇ ’ਤੇ ਹੋ ਰਹੇ ਵੱਡੇ ਖਰਚ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰਦਾ ਹੈ। ਜਾਣਕਾਰੀ ਮੁਤਾਬਕ ਨਗਰ ਨਿਗਮ ਵੱਲੋਂ ਇਸ ਕੰਮ ’ਤੇ ਹੁਣ ਤੱਕ ਕਰੀਬ 150 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਕਈ ਕੰਪਨੀਆਂ ਨੂੰ ਕੰਮ ਸੌਂਪਿਆ ਗਿਆ ਹੈ। ਸੀਬੀਆਈ ਦੀ ਜਾਂਚ ਹੁਣ ਰਿਸ਼ਵਤ ਦੀ ਮੰਗ ਅਤੇ 5 ਲੱਖ ਰੁਪਏ ਦੀ ਬਰਾਮਦਗੀ ਤੋਂ ਅੱਗੇ ਵਧ ਕੇ ਇਸ ਨਾਲ ਜੁੜੇ ਹੋਰ ਅਧਿਕਾਰੀਆਂ, ਭੁਗਤਾਨ ਅਤੇ ਟੈਂਡਰ ਪ੍ਰਕਿਰਿਆ ਦੀ ਜਾਂਚ ਵੱਲ ਵੀ ਵਧ ਰਹੀ ਹੈ।
Chandigarh Municipal Corporation Sanitary Inspector Arrested For Accepting A 5 Lakh Bribe For Dumping Ground Work
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)