ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਦਿਨ ਨਿਰਾਸ਼ਾਜਨਕ ਰਿਹਾ। ਜੂਡੋ ਵਿੱਚ ਕਸ਼ਿਸ਼ ਮਲਿਕ ਅਤੇ ਜਯੋਤੀ ਯਾਦਵ ਪਹਿਲੇ ਦੌਰ ਵਿੱਚ ਹੀ ਹਾਰ ਕੇ ਬਾਹਰ ਹੋ ਗਈਆਂ, ਜਦਕਿ ਭਾਰਤੀ ਪੁਰਸ਼ ਵਾਲੀਬਾਲ ਟੀਮ ਅਤੇ ਮਹਿਲਾ ਰਗਬੀ ਟੀਮ ਨੂੰ ਆਪਣੇ-ਆਪਣੇ ਵਰਗੀਕਰਨ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਟੀਮਾਂ ਨੇ ਮੁਕਾਬਲਾ ਛੇਵੇਂ ਸਥਾਨ ’ਤੇ ਖ਼ਤਮ ਕੀਤਾ। ਮਹਿਲਾਵਾਂ ਦੇ 57 ਕਿਲੋ ਜੂਡੋ ਵਰਗ ਵਿੱਚ ਕਸ਼ਿਸ਼ ਮਲਿਕ ਨੂੰ ਦੱਖਣੀ ਕੋਰੀਆ ਦੀ ਯੂਜਿਨ ਕਿਮ ਨੇ 18-3, 17-2 ਨਾਲ ਹਰਾਇਆ। ਇਸੇ ਤਰ੍ਹਾਂ 67 ਕਿਲੋ ਵਰਗ ਵਿੱਚ ਜਯੋਤੀ ਯਾਦਵ ਨੂੰ ਥਾਈਲੈਂਡ ਦੀ ਕੱਨਾਲੁਕ ਚੁਏਂਚੂਕਲਿਨ ਨੇ ਮਾਤ ਦਿੱਤੀ। ਦੋਵੇਂ ਭਾਰਤੀ ਖਿਡਾਰਨਾਂ ਪਹਿਲੇ ਦੌਰ ਤੋਂ ਅੱਗੇ ਨਹੀਂ ਵਧ ਸਕੀਆਂ।
ਉੱਧਰ, ਪੁਰਸ਼ ਵਾਲੀਬਾਲ ਦੇ ਪੰਜਵੇਂ-ਛੇਵੇਂ ਸਥਾਨ ਦੇ ਮੁਕਾਬਲੇ ਵਿੱਚ ਭਾਰਤ ਨੂੰ ਥਾਈਲੈਂਡ ਹੱਥੋਂ 2-3 ਨਾਲ ਹਾਰ ਮਿਲੀ। ਇੱਕ ਘੰਟਾ 56 ਮਿੰਟ ਚੱਲੇ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਪਹਿਲਾ ਸੈੱਟ 19-25 ਨਾਲ ਗੁਆਇਆ, ਪਰ ਦੂਜੇ ਸੈੱਟ ਵਿੱਚ 25-17 ਨਾਲ ਵਾਪਸੀ ਕੀਤੀ। ਥਾਈਲੈਂਡ ਨੇ ਤੀਜਾ ਸੈੱਟ 25-21 ਨਾਲ ਜਿੱਤਿਆ, ਜਦਕਿ ਭਾਰਤ ਨੇ ਚੌਥਾ ਸੈੱਟ 25-17 ਨਾਲ ਆਪਣੇ ਨਾਮ ਕੀਤਾ। ਫੈਸਲਾਕੁੰਨ ਪੰਜਵੇਂ ਸੈੱਟ ਵਿੱਚ ਥਾਈਲੈਂਡ ਨੇ 17-15 ਨਾਲ ਬਾਜ਼ੀ ਮਾਰੀ। ਭਾਰਤ ਵੱਲੋਂ ਜੇਰੋਮ ਵਿਨੀਤ ਨੇ ਸਭ ਤੋਂ ਵੱਧ 22 ਅੰਕ ਬਣਾਏ। ਜੋਏਲ ਬੇਂਜਾਮਿਨ ਜੇਬਰਾਜ ਨੇ 17, ਅਸ਼ਵਲ ਰਾਏ ਨੇ 14 ਅਤੇ ਚਿਰਾਗ ਯਾਦਵ ਨੇ 11 ਅੰਕ ਜੋੜੇ।
ਥਾਈਲੈਂਡ ਲਈ ਸੁਵਿਤ ਮਹਾਸਿਰਿਓਥਿਨ ਨੇ 25 ਅਤੇ ਥਾਨੈਟ ਬਮਰੁੰਗਫਾਕਡੀ ਨੇ 19 ਅੰਕ ਬਣਾਏ। ਮਹਿਲਾ ਰਗਬੀ-ਸੇਵਨਸ ਵਿੱਚ ਵੀ ਭਾਰਤੀ ਟੀਮ ਨੂੰ ਕਜ਼ਾਕਿਸਤਾਨ ਖ਼ਿਲਾਫ਼ 0-20 ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਭਾਰਤ ਛੇਵੇਂ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ ਭਾਰਤ ਨੇ ਸਿੰਗਾਪੁਰ ਨੂੰ 22-5 ਨਾਲ ਹਰਾ ਕੇ ਪੰਜਵੇਂ-ਛੇਵੇਂ ਸਥਾਨ ਦੇ ਮੁਕਾਬਲੇ ਵਿੱਚ ਜਗ੍ਹਾ ਬਣਾਈ ਸੀ। ਕਜ਼ਾਕਿਸਤਾਨ ਖ਼ਿਲਾਫ਼ ਹਾਰ ਦੇ ਨਾਲ ਹੀ ਭਾਰਤੀ ਮਹਿਲਾ ਰਗਬੀ ਟੀਮ ਦੀ ਏਸ਼ਿਆਈ ਖੇਡਾਂ ਵਿੱਚ ਮੁਹਿੰਮ ਸਮਾਪਤ ਹੋ ਗਈ।
Setback For India At Asian Games Judoka Out Volleyball And Rugby Teams Finish Sixth
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)