ਆਈ.ਟੀ. ਦੀ ਨੌਕਰੀ ਛੱਡ ਮਿੱਟੀ ਨਾਲ ਜੁੜਿਆ ਭਵਿੱਖ, ਢਾਈ ਏਕੜ ਤੋਂ ਕਰੀਬ 15 ਲੱਖ ਰੁਪਏ ਸਾਲਾਨਾ ਕਮਾ ਰਿਹਾ ਮਨਪ੍ਰੀਤ ਸਿੰਘ

19/09/2026 | Public Times Bureau | Panjab

ਸਫਲਤਾ ਲਈ ਹਮੇਸ਼ਾ ਵੱਡੇ ਸ਼ਹਿਰ, ਵਿਦੇਸ਼ ਜਾਂ ਉੱਚੀ ਤਨਖਾਹ ਵਾਲੀ ਨੌਕਰੀ ਦੀ ਲੋੜ ਨਹੀਂ ਹੁੰਦੀ। ਇਸ ਗੱਲ ਨੂੰ ਪਿੰਡ ਸ਼ੇਖੂਪੁਰ ਕਲਾਂ (ਚੱਕ) ਦੇ 35 ਸਾਲਾ ਅਗਾਂਹਵਧੂ ਕਿਸਾਨ ਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਸਾਬਤ ਕਰ ਦਿਖਾਇਆ ਹੈ। ਆਈ.ਟੀ. ਖੇਤਰ ਵਿੱਚ ਕਰੀਬ ਅੱਠ ਸਾਲ ਨੌਕਰੀ ਕਰਨ ਤੋਂ ਬਾਅਦ ਮਨਪ੍ਰੀਤ ਨੇ ਵਿਦੇਸ਼ ਜਾਣ ਦੀ ਬਜਾਏ ਆਪਣੀ ਜ਼ਮੀਨ ਨਾਲ ਜੁੜ ਕੇ ਖੇਤੀ ਨੂੰ ਹੀ ਰੁਜ਼ਗਾਰ ਦਾ ਸਾਧਨ ਬਣਾਇਆ। ਅੱਜ ਉਹ ਢਾਈ ਏਕੜ ਜ਼ਮੀਨ ’ਤੇ ਸਬਜ਼ੀਆਂ, ਵਰਮੀ ਕੰਪੋਸਟ ਅਤੇ ਸਹਾਇਕ ਕਾਰੋਬਾਰਾਂ ਰਾਹੀਂ ਕਰੀਬ 15 ਲੱਖ ਰੁਪਏ ਸਾਲਾਨਾ ਆਮਦਨ ਕਮਾ ਰਿਹਾ ਹੈ।


ਡੀ. ਫਾਰਮਾ ਦੇ ਨਾਲ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਵਿੱਚ ਡਿਪਲੋਮਾ ਕਰ ਚੁੱਕੇ ਮਨਪ੍ਰੀਤ ਨੇ ਰਵਾਇਤੀ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਹਟ ਕੇ ਸਬਜ਼ੀਆਂ ਦੀ ਖੇਤੀ ਅਤੇ ‘ਬਲੈਕ ਗੋਲਡ’ ਵਜੋਂ ਜਾਣੀ ਜਾਂਦੀ ਵਰਮੀ ਕੰਪੋਸਟ ਨੂੰ ਆਪਣੀ ਆਮਦਨ ਦਾ ਮਹੱਤਵਪੂਰਨ ਸਾਧਨ ਬਣਾਇਆ। ਉਸ ਦੀ ਭੈਣ ਅਤੇ ਕਈ ਨਜ਼ਦੀਕੀ ਰਿਸ਼ਤੇਦਾਰ ਕੈਨੇਡਾ ਵਿੱਚ ਰਹਿੰਦੇ ਹਨ, ਪਰ ਉਸ ਨੇ ਵਿਦੇਸ਼ ਜਾਣ ਦੀ ਬਜਾਏ ਆਪਣੇ ਪਿੰਡ ਵਿੱਚ ਹੀ ਭਵਿੱਖ ਬਣਾਉਣ ਦਾ ਫੈਸਲਾ ਕੀਤਾ।ਮਨਪ੍ਰੀਤ ਦੀ ਇਸ ਕਾਮਯਾਬੀ ਵਿੱਚ ਉਸ ਦਾ ਪੂਰਾ ਪਰਿਵਾਰ ਵੀ ਸਾਂਝੀਦਾਰ ਹੈ। ਐੱਮ.ਏ. ਇੰਗਲਿਸ਼ ਤੱਕ ਪੜ੍ਹੀ ਉਸ ਦੀ ਪਤਨੀ ਬੇਅੰਤ ਕੌਰ ਪਹਿਲਾਂ ਅੰਗਰੇਜ਼ੀ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਚੁੱਕੀ ਹੈ ਅਤੇ ਹੁਣ ਖੇਤੀਬਾੜੀ ਨਾਲ ਜੁੜੇ ਕੰਮਾਂ ਵਿੱਚ ਪਤੀ ਦਾ ਸਾਥ ਦੇ ਰਹੀ ਹੈ। ਇਸੇ ਤਰ੍ਹਾਂ ਉਸ ਦੀ ਮਾਤਾ ਪਰਮਜੀਤ ਕੌਰ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਪਸ਼ੂਆਂ ਦੀ ਦੇਖਭਾਲ ਅਤੇ ਡੇਅਰੀ ਉਤਪਾਦ ਤਿਆਰ ਕਰਨ ਵਿੱਚ ਯੋਗਦਾਨ ਪਾ ਰਹੀ ਹੈ।

ਪਰਿਵਾਰ ਕੋਲ ਛੇ ਮੱਝਾਂ ਅਤੇ ਦੋ ਗਾਵਾਂ ਹਨ। ਦੁੱਧ ਤੋਂ ਇਲਾਵਾ ਪਨੀਰ, ਦਹੀਂ ਅਤੇ ਚਾਟੀ ਦੀ ਲੱਸੀ ਵੀ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅਚਾਰ, ਸੌਂਫ, ਧਨੀਆ ਪਾਊਡਰ ਅਤੇ ਹਲਦੀ ਵਰਗੇ ਘਰੇਲੂ ਉਤਪਾਦ ਵੀ ਤਿਆਰ ਕਰਕੇ ਖੇਤੀਬਾੜੀ ਕਾਰੋਬਾਰ ਵਿੱਚ ਵੰਨ-ਸੁਵੰਨਤਾ ਲਿਆਂਦੀ ਗਈ ਹੈ। ਬਾਗਬਾਨੀ ਵਿਭਾਗ ਤੋਂ ਸਿਖਲਾਈ, ਬੀਜ ਅਤੇ ਤਕਨੀਕੀ ਮਾਰਗਦਰਸ਼ਨ ਲੈ ਕੇ ਮਨਪ੍ਰੀਤ ਨੇ ਵਿਗਿਆਨਕ ਢੰਗ ਨਾਲ ਖੇਤੀ ਨੂੰ ਅਪਣਾਇਆ ਹੈ। ਹੁਣ ਉਹ ਇੱਕ ਏਕੜ ਵਿੱਚ ਨੈੱਟ ਹਾਊਸ ਸਥਾਪਤ ਕਰਨ ਦੀ ਤਿਆਰੀ ਕਰ ਰਿਹਾ ਹੈ। ਆਪਣੀ ਉਪਜ ਦੀ ਮਾਰਕੀਟਿੰਗ ਲਈ ਬਿਚੌਲੀਆਂ ’ਤੇ ਨਿਰਭਰ ਰਹਿਣ ਦੀ ਬਜਾਏ ਉਹ ਖੁਦ ਲੁਧਿਆਣਾ ਤੱਕ ਉਤਪਾਦ ਪਹੁੰਚਾ ਰਿਹਾ ਹੈ।

ਇਸ ਮਕਸਦ ਲਈ ਉਸ ਨੇ ਫੂਡ ਵੈਨ ਵੀ ਤਿਆਰ ਕਰਵਾਈ ਹੈ। ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਉਤਪਾਦਾਂ ਨੂੰ ਗਾਹਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਮਨਪ੍ਰੀਤ ਲਈ ਇਸ ਸਫਲਤਾ ਦੀ ਖਾਸ ਗੱਲ ਸਿਰਫ਼ ਵਧੀ ਹੋਈ ਆਮਦਨ ਨਹੀਂ, ਸਗੋਂ ਪਰਿਵਾਰ ਨਾਲ ਰਹਿ ਕੇ ਮਿਲਜੁਲ ਕੇ ਕੰਮ ਕਰਨ ਦਾ ਸਕੂਨ ਅਤੇ ਆਪਣੀ ਮਿਹਨਤ ਦੇ ਬਲ ’ਤੇ ਖੜ੍ਹੇ ਹੋਣ ਦੀ ਸੰਤੁਸ਼ਟੀ ਵੀ ਹੈ। ਉਸ ਦੀ ਕਹਾਣੀ ਦੱਸਦੀ ਹੈ ਕਿ ਜ਼ਮੀਨ ਭਾਵੇਂ ਥੋੜ੍ਹੀ ਹੋਵੇ, ਪਰ ਮਿਹਨਤ, ਸੋਚ ਅਤੇ ਨਵੇਂ ਤਰੀਕਿਆਂ ਨਾਲ ਖੇਤੀ ਵਿੱਚ ਕਾਮਯਾਬੀ ਦੀਆਂ ਸੰਭਾਵਨਾਵਾਂ ਵੱਡੀਆਂ ਹੋ ਸਕਦੀਆਂ ਹਨ।

Quitting His It Job To Build A Future Rooted In The Soil Manpreet Singh Is Earning Around 15 Lakh Annually From Two And A Half Acres Of Land


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App