ਅੰਤਰਰਾਸ਼ਟਰੀ ਪੱਧਰ ’ਤੇ ਵਧੇ ਤਣਾਅ ਵਿਚਕਾਰ ਕੱਚੇ ਮਾਲ ਦੀਆਂ ਕੀਮਤਾਂ ਚੜ੍ਹਨ ਨਾਲ ਲੁਧਿਆਣਾ ਦੇ ਡਾਇੰਗ ਉਦਯੋਗ ਦੀ ਲਾਗਤ ਬੇਕਾਬੂ ਹੋਣ ਲੱਗੀ ਹੈ। ਧਾਗੇ, ਡਾਈ-ਕੈਮੀਕਲ ਅਤੇ ਪੈਟਰੋਲੀਅਮ ਆਧਾਰਿਤ ਉਤਪਾਦ ਮਹਿੰਗੇ ਹੋਣ ਕਾਰਨ ਡਾਇੰਗ ਉਦਯੋਗਪਤੀਆਂ ਨੇ 14 ਤੋਂ 20 ਸਤੰਬਰ ਤੱਕ ਕਾਰਖ਼ਾਨੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਡਾਇੰਗ ਉਦਯੋਗ ਨਾਲ ਜੁੜੀਆਂ ਐਸੋਸੀਏਸ਼ਨਾਂ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਉਦਯੋਗਪਤੀਆਂ ਮੁਤਾਬਕ ਕੱਚੇ ਮਾਲ ਦੀ ਲਾਗਤ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਪੁਰਾਣੇ ਰੇਟਾਂ ’ਤੇ ਕੰਮ ਕਰਨਾ ਹੁਣ ਆਰਥਿਕ ਤੌਰ ’ਤੇ ਮੁਸ਼ਕਲ ਹੋ ਗਿਆ ਹੈ। ਕੁਝ ਕਿਸਮਾਂ ਦੇ ਸਿੰਥੈਟਿਕ ਧਾਗੇ ਦੀਆਂ ਕੀਮਤਾਂ ਵਿੱਚ ਕਰੀਬ 50 ਫੀਸਦੀ ਤੱਕ ਵਾਧਾ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਵਧਦੀ ਲਾਗਤ ਦੇ ਮੱਦੇਨਜ਼ਰ ਡਾਇੰਗ ਦੇ ਰੇਟ ਵੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਪੌਲੀਐਸਟਰ ਡਾਇੰਗ 10 ਰੁਪਏ ਪ੍ਰਤੀ ਕਿਲੋ ਅਤੇ ਕਾਟਨ ਡਾਇੰਗ 20 ਰੁਪਏ ਪ੍ਰਤੀ ਕਿਲੋ ਮਹਿੰਗੀ ਹੋਵੇਗੀ। ਐਸੋਸੀਏਸ਼ਨ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਹ ਵਾਧਾ ਮੁਨਾਫ਼ਾ ਵਧਾਉਣ ਦੀ ਬਜਾਏ ਵਧੇ ਹੋਏ ਖਰਚਿਆਂ ਨੂੰ ਪੂਰਾ ਕਰਨ ਲਈ ਕੀਤਾ ਗਿਆ ਹੈ। ਉਦਯੋਗਪਤੀਆਂ ਮੁਤਾਬਕ ਪੈਟਰੋਲੀਅਮ ਉਤਪਾਦਾਂ ਦੀਆਂ ਵਧੀਆਂ ਕੀਮਤਾਂ ਨੇ ਵੀ ਡਾਇੰਗ ਦੀ ਲਾਗਤ ’ਤੇ ਸਿੱਧਾ ਪ੍ਰਭਾਵ ਪਾਇਆ ਹੈ। ਕੱਚੇ ਮਾਲ ਦੀ ਸਪਲਾਈ ਅਤੇ ਕੀਮਤਾਂ ਵਿੱਚ ਅਸਥਿਰਤਾ ਕਾਰਨ ਉਦਯੋਗ ਲਈ ਉਤਪਾਦਨ ਜਾਰੀ ਰੱਖਣਾ ਚੁਣੌਤੀ ਬਣ ਗਿਆ ਹੈ।
ਮੀਟਿੰਗ ਵਿੱਚ ਪੰਜਾਬ ਡਾਇਰਸ ਐਸੋਸੀਏਸ਼ਨ ਦੇ ਅਸ਼ੋਕ ਮੱਕੜ, ਬੌਬੀ ਜਿੰਦਲ, ਕਮਲ ਚੌਹਾਨ, ਰਜਨੀਸ਼ ਗੁਪਤਾ, ਫੋਕਲ ਪੁਆਇੰਟ ਡਾਇੰਗ ਐਸੋਸੀਏਸ਼ਨ ਦੇ ਰਾਹੁਲ ਵਰਮਾ, ਬਹਾਦਰਕੇ ਰੋਡ ਡਾਇੰਗ ਐਸੋਸੀਏਸ਼ਨ ਦੇ ਸੁਭਾਸ਼ ਸੈਣੀ, ਅੰਕਿਤ ਬਾਂਸਲ ਅਤੇ ਰਾਜੀਵ ਸੂਦ ਸਮੇਤ ਕਈ ਉਦਯੋਗਿਕ ਨੁਮਾਇੰਦੇ ਮੌਜੂਦ ਸਨ। ਇੱਕ ਹਫ਼ਤੇ ਦੀ ਬੰਦੀ ਨਾਲ ਟੈਕਸਟਾਈਲ ਕਾਰੋਬਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਲੁਧਿਆਣਾ ਦਾ ਡਾਇੰਗ ਸੈਕਟਰ ਨਿਟਵੇਅਰ ਅਤੇ ਟੈਕਸਟਾਈਲ ਉਦਯੋਗ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਯੂਨਿਟਾਂ ਦੀ ਇੱਕ ਹਫ਼ਤੇ ਦੀ ਬੰਦੀ ਦਾ ਅਸਰ ਧਾਗੇ ਦੀ ਰੰਗਾਈ ਤੋਂ ਲੈ ਕੇ ਕੱਪੜੇ ਅਤੇ ਤਿਆਰ ਮਾਲ ਦੀ ਸਪਲਾਈ ਤੱਕ ਪੈ ਸਕਦਾ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਮੌਜੂਦਾ ਬੰਦਸ਼ ਇੱਕ ਅਸਥਾਈ ਕਦਮ ਹੈ। ਜੇਕਰ ਕੱਚੇ ਮਾਲ ਦੀਆਂ ਕੀਮਤਾਂ ’ਚ ਕਮੀ ਨਾ ਆਈ ਤਾਂ ਆਉਣ ਵਾਲੇ ਸਮੇਂ ਵਿੱਚ ਟੈਕਸਟਾਈਲ ਉਦਯੋਗ ਲਈ ਲਾਗਤ, ਉਤਪਾਦਨ ਅਤੇ ਸਪਲਾਈ ਨਾਲ ਜੁੜੀਆਂ ਚੁਣੌਤੀਆਂ ਹੋਰ ਗੰਭੀਰ ਹੋ ਸਕਦੀਆਂ ਹਨ।
Ludhiana Dyeing Industry Hit By Inflation All Units To Remain Closed From September 14 To 20
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)