ਰਾਸ਼ਟਰੀ ਸਿੱਖਿਆ ਨੀਤੀ (NEP) ਦੇ ਤਿੰਨ ਭਾਸ਼ਾ ਫਾਰਮੂਲੇ ਤਹਿਤ ਦੇਸ਼ ਦੀ ਨਵੀਂ ਪੀੜ੍ਹੀ ਨੂੰ ਭਾਰਤੀ ਭਾਸ਼ਾਵਾਂ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਲਈ NCERT ਨੇ ਨਵੀਂ ਪਹਿਲ ਕੀਤੀ ਹੈ। ਇਸ ਤਹਿਤ ਛੇਵੀਂ ਅਤੇ ਨੌਵੀਂ ਜਮਾਤ ਲਈ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ 22 ਭਾਰਤੀ ਭਾਸ਼ਾਵਾਂ ਦੀਆਂ ਤਿਆਰ ਕੀਤੀਆਂ ਜਾ ਰਹੀਆਂ ਪਾਠ ਪੁਸਤਕਾਂ ਦੇ ਨਾਂ ਦੇਸ਼ ਦੀਆਂ ਪ੍ਰਮੁੱਖ ਨਦੀਆਂ ਦੇ ਨਾਂ ’ਤੇ ਰੱਖੇ ਗਏ ਹਨ। ਪੰਜਾਬੀ ਦੀਆਂ ਛੇਵੀਂ ਅਤੇ ਨੌਵੀਂ ਜਮਾਤ ਦੀਆਂ ਪੁਸਤਕਾਂ ਦੇ ਨਾਂ ‘ਸਤਲੁਜ’ ਅਤੇ ‘ਰਾਵੀ’ ਰੱਖੇ ਗਏ ਹਨ। ਇਸੇ ਤਰ੍ਹਾਂ ਤਾਮਿਲ ਦੀਆਂ ਪੁਸਤਕਾਂ ਦੇ ਨਾਂ ‘ਭਵਾਨੀ’ ਅਤੇ ‘ਵੈਗਈ’, ਹਿੰਦੀ ਦੀਆਂ ‘ਅਲਖਨੰਦਾ’ ਅਤੇ ‘ਰੇਵਾ’, ਬੰਗਾਲੀ ਦੀਆਂ ‘ਭਾਗੀਰਥੀ’ ਅਤੇ ‘ਕਾਲਿੰਦੀ’, ਜਦਕਿ ਮੈਥਿਲੀ ਦੀਆਂ ਪੁਸਤਕਾਂ ਦੇ ਨਾਂ ‘ਕਮਲਾ’ ਅਤੇ ‘ਕੌਸ਼ਿਕੀ’ ਰੱਖੇ ਗਏ ਹਨ।
NCERT ਨਾਲ ਜੁੜੇ ਅਧਿਕਾਰੀਆਂ ਮੁਤਾਬਕ ਇਹ ਪੁਸਤਕਾਂ NEP ਦੇ ਤਿੰਨ ਭਾਸ਼ਾ ਫਾਰਮੂਲੇ ਦੀ ਸਿਫਾਰਸ਼ ਅਨੁਸਾਰ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਵਿਦਿਆਰਥੀਆਂ ਨੂੰ ਸਕੂਲੀ ਪੱਧਰ ’ਤੇ ਤਿੰਨ ਭਾਸ਼ਾਵਾਂ ਪੜ੍ਹਨੀਆਂ ਹੋਣਗੀਆਂ, ਜਿਨ੍ਹਾਂ ਵਿੱਚ ਦੋ ਭਾਰਤੀ ਭਾਸ਼ਾਵਾਂ ਹੋਣੀਆਂ ਚਾਹੀਦੀਆਂ ਹਨ। ਪਾਠ ਪੁਸਤਕਾਂ ਦੇ ਨਾਂ ਨਦੀਆਂ ’ਤੇ ਰੱਖਣ ਦਾ ਮਕਸਦ ਵਿਦਿਆਰਥੀਆਂ ਨੂੰ ਭਾਸ਼ਾਵਾਂ ਦੇ ਨਾਲ-ਨਾਲ ਦੇਸ਼ ਦੀ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਨਾਲ ਜਾਣੂ ਕਰਵਾਉਣਾ ਹੈ। ਇਨ੍ਹਾਂ ਨਾਵਾਂ ਰਾਹੀਂ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਨਦੀਆਂ ਅਤੇ ਉਨ੍ਹਾਂ ਨਾਲ ਜੁੜੀ ਸਥਾਨਕ ਵਿਰਾਸਤ ਵੱਲ ਵੀ ਵਿਦਿਆਰਥੀਆਂ ਦਾ ਧਿਆਨ ਖਿੱਚਿਆ ਜਾਵੇਗਾ।
ਇਹ ਪਹਿਲ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਭਾਰਤ ਦੀਆਂ ਕਈ ਭਾਸ਼ਾਵਾਂ ਲੋਪ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੀਆਂ ਹਨ। ਯੂਨੈਸਕੋ ਦੀ ਰਿਪੋਰਟ ਅਨੁਸਾਰ ਦੇਸ਼ ਦੀਆਂ ਕਰੀਬ 197 ਭਾਸ਼ਾਵਾਂ ਲੋਪ ਹੋ ਚੁੱਕੀਆਂ ਹਨ ਜਾਂ ਲੋਪ ਹੋਣ ਦੇ ਕੰਢੇ ’ਤੇ ਹਨ। ਸਕੂਲੀ ਪੱਧਰ ’ਤੇ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਨਵੀਆਂ ਪੁਸਤਕਾਂ ਦੇ ਨਾਵਾਂ ਵਿੱਚ ਸਤਲੁਜ, ਰਾਵੀ, ਅਲਖਨੰਦਾ, ਗੋਦਾਵਰੀ, ਸਾਬਰਮਤੀ, ਜਿਹਲਮ, ਸਿੰਧੂ, ਨਰਮਦਾ, ਮਹਾਨਦੀ, ਤੁੰਗਭਦਰਾ, ਚਿਨਾਬ, ਲੁਨੀ, ਵੈਗਈ ਅਤੇ ਕੌਸ਼ਿਕੀ ਸਮੇਤ ਦੇਸ਼ ਦੀਆਂ ਵੱਖ-ਵੱਖ ਪ੍ਰਮੁੱਖ ਨਦੀਆਂ ਦੇ ਨਾਂ ਸ਼ਾਮਲ ਹਨ।
Ncert Language Textbooks Will Be Named After The Sutlej Ravi And Other Rivers
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)