ਪਿਛੜਾ ਵਰਗ ਸਰਟੀਫਿਕੇਟ ਲਈ ਹੁਣ ਆਮਦਨ ਦੇ ਨਾਲ ਜਾਇਦਾਦ ਤੇ ਮਾਪਿਆਂ ਦੀ ਸਥਿਤੀ ਵੀ ਹੋਵੇਗੀ ਆਧਾਰ

02/09/2026 | Public Times Bureau | Panjab

ਪੰਜਾਬ ਸਰਕਾਰ ਨੇ ਪਿਛੜਾ ਵਰਗ ਸਰਟੀਫਿਕੇਟ ਬਣਵਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਨਿਯਮ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਸਰਟੀਫਿਕੇਟ ਸਿਰਫ਼ ਪਰਿਵਾਰ ਦੀ ਆਮਦਨ ਦੇ ਆਧਾਰ ’ਤੇ ਜਾਰੀ ਨਹੀਂ ਹੋਵੇਗਾ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਬੁੱਧਵਾਰ ਨੂੰ ਪੰਜਾਬ ਭਵਨ ਵਿੱਚ ਦੱਸਿਆ ਕਿ ਮਾਪਿਆਂ ਦੀ ਸਰਕਾਰੀ ਨੌਕਰੀ, ਅਹੁਦਾ, ਸਮਾਜਿਕ ਸਥਿਤੀ, ਪਿਛਲੇ ਤਿੰਨ ਸਾਲਾਂ ਦੀ ਆਮਦਨ ਅਤੇ ਪਰਿਵਾਰ ਦੀ ਜਾਇਦਾਦ ਸਮੇਤ ਕਈ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ।

ਮੰਤਰੀ ਨੇ ਕਿਹਾ ਕਿ ਪਿਛੜਾ ਵਰਗ ਸਰਟੀਫਿਕੇਟ ਬਣਵਾਉਣ ਵਿੱਚ ਆ ਰਹੀਆਂ ਦਿੱਕਤਾਂ ਦੂਰ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਅਤੇ ਸਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸੇਵਾ ਕੇਂਦਰਾਂ ਅਤੇ ਪਟਵਾਰੀਆਂ ਨੂੰ ਵੀ ਯੋਗਤਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਲੋਕਾਂ ਦੀ ਸਹੂਲਤ ਲਈ ਜਲਦ ਹੀ ਸਾਰੇ ਸੇਵਾ ਕੇਂਦਰਾਂ ਦੇ ਬਾਹਰ ਜਾਣਕਾਰੀ ਵਾਲੇ ਸੂਚਨਾ ਪਟ ਲਗਾਏ ਜਾਣਗੇ। 8 ਲੱਖ ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਪਰਿਵਾਰ ਕ੍ਰੀਮੀ ਲੇਅਰ ਵਿੱਚ ਆਉਣਗੇ। ਇਸ ਤੋਂ ਇਲਾਵਾ ਪਰਿਵਾਰ ਦੀ ਸ਼ਹਿਰੀ ਅਤੇ ਪੇਂਡੂ ਜਾਇਦਾਦ ਦੀ ਸਥਿਤੀ ਨੂੰ ਵੀ ਸਰਟੀਫਿਕੇਟ ਜਾਰੀ ਕਰਨ ਸਮੇਂ ਧਿਆਨ ਵਿੱਚ ਰੱਖਿਆ ਜਾਵੇਗਾ। ਸੰਵਿਧਾਨਕ ਜਾਂ ਉੱਚ ਅਹੁਦਿਆਂ ’ਤੇ ਰਹਿ ਚੁੱਕੇ ਵਿਅਕਤੀਆਂ ਅਤੇ ਨਿਰਧਾਰਤ ਸ਼੍ਰੇਣੀਆਂ ਦੇ ਉੱਚ ਅਹੁਦੇ ਵਾਲੇ ਅਧਿਕਾਰੀਆਂ ਦੇ ਬੱਚਿਆਂ ਨੂੰ ਨਿਯਮਾਂ ਅਨੁਸਾਰ ਲਾਭ ਨਹੀਂ ਮਿਲੇਗਾ। ਡਾਕਟਰਾਂ, ਇੰਜੀਨੀਅਰਾਂ ਅਤੇ ਹੋਰ ਪੇਸ਼ੇਵਰਾਂ ਦੇ ਬੱਚਿਆਂ ਦੀ ਯੋਗਤਾ ਵੀ ਨਿਰਧਾਰਤ ਮਾਪਦੰਡਾਂ ਅਨੁਸਾਰ ਤੈਅ ਕੀਤੀ ਜਾਵੇਗੀ।

ਡਾ. ਬਲਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਵਿਆਹ ਤੋਂ ਬਾਅਦ ਕਿਸੇ ਲੜਕੀ ਦੇ ਪਿਛੜਾ ਵਰਗ ਸਰਟੀਫਿਕੇਟ ਲਈ ਉਸ ਦੇ ਪਤੀ ਦੇ ਪਰਿਵਾਰ ਦੀ ਸਮਾਜਿਕ ਸਥਿਤੀ ਨੂੰ ਆਧਾਰ ਨਹੀਂ ਬਣਾਇਆ ਜਾਵੇਗਾ, ਸਗੋਂ ਉਸ ਦੇ ਮਾਪਿਆਂ ਦੀ ਸਮਾਜਿਕ ਸਥਿਤੀ ਦੇਖੀ ਜਾਵੇਗੀ। ਇਸੇ ਤਰ੍ਹਾਂ ਮਾਪਿਆਂ ਦਾ ਸਰਟੀਫਿਕੇਟ ਪਹਿਲਾਂ ਤੋਂ ਨਾ ਬਣਿਆ ਹੋਣਾ ਬੱਚੇ ਦਾ ਸਰਟੀਫਿਕੇਟ ਬਣਨ ਵਿੱਚ ਰੁਕਾਵਟ ਨਹੀਂ ਹੋਵੇਗਾ। ਮੰਤਰੀ ਨੇ ਦੱਸਿਆ ਕਿ 2022 ਤੋਂ ਬਾਅਦ ਆਸ਼ੀਰਵਾਦ ਯੋਜਨਾ ਤਹਿਤ ਕਰੀਬ 76 ਹਜ਼ਾਰ ਲਾਭਪਾਤਰੀਆਂ ਨੂੰ 391 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਪਿਛੜੇ ਵਰਗ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੀ ਦਿੱਤੇ ਜਾ ਰਹੇ ਹਨ ਅਤੇ ਬੀ ਸ਼੍ਰੇਣੀ ਤਹਿਤ ਯੋਗ ਵਿਦਿਆਰਥੀ ਨੂੰ 20 ਹਜ਼ਾਰ ਰੁਪਏ ਦਾ ਲਾਭ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੋਸਟ-ਮੈਟ੍ਰਿਕ ਵਜ਼ੀਫ਼ੇ ਲਈ ਆਮਦਨ ਹੱਦ 2.5 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰਨ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ। ਪੰਜਾਬ ਯੂਨੀਵਰਸਿਟੀ ਵਿੱਚ ਪਿਛੜੇ ਵਰਗ ਦੇ ਵਿਦਿਆਰਥੀਆਂ ਲਈ ਜਲਦ ਦੋ ਹੋਸਟਲ ਸ਼ੁਰੂ ਕਰਨ ਦੀ ਤਿਆਰੀ ਹੈ, ਜਦਕਿ ਸੂਬੇ ਦੇ 12 ਪ੍ਰਮੁੱਖ ਪੇਸ਼ੇਵਰ ਕਾਲਜਾਂ ਵਿੱਚ ਸਰਟੀਫਿਕੇਟ ਦੇ ਆਧਾਰ ’ਤੇ 210 ਸੀਟਾਂ ’ਤੇ ਦਾਖ਼ਲਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਰੀਬ 6 ਹਜ਼ਾਰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਜ਼ੀਫ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਨੌਵੀਂ-ਦਸਵੀਂ ਦੇ ਵਿਦਿਆਰਥੀਆਂ ਲਈ ਸਾਲਾਨਾ 75 ਹਜ਼ਾਰ ਰੁਪਏ ਅਤੇ ਗਿਆਰ੍ਹਵੀਂ-ਬਾਰ੍ਹਵੀਂ ਲਈ 1.25 ਲੱਖ ਰੁਪਏ ਤੱਕ ਵਜ਼ੀਫ਼ੇ ਦੀ ਵਿਵਸਥਾ ਹੈ। ਮੰਤਰੀ ਮੁਤਾਬਕ ਪਿਛੜਾ ਵਰਗ ਸਰਟੀਫਿਕੇਟ ਧਾਰਕਾਂ ਨੂੰ ਸਰਕਾਰੀ ਨੌਕਰੀਆਂ ਵਿੱਚ 10 ਫੀਸਦੀ ਅਤੇ ਦਾਖ਼ਲਿਆਂ ਵਿੱਚ 12 ਫੀਸਦੀ ਰਾਖਵਾਂਕਰਨ ਦਾ ਲਾਭ ਮਿਲ ਰਿਹਾ ਹੈ।

For The Backward Class Certificate Assets And The Parents Status Will Now Also Serve As Criteria Alongside Income


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App