ਪੰਜਾਬ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ ਅੱਜ ਤੋਂ 7 ਸਤੰਬਰ ਤੱਕ ਚੰਡੀਗੜ੍ਹ-ਮੁਹਾਲੀ ਵਿੱਚ ਪੱਕਾ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ। ਮੋਰਚੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਲੈ ਕੇ ਪਹੁੰਚ ਰਹੇ ਹਨ। ਸੋਮਵਾਰ ਰਾਤ ਤੱਕ ਕਰੀਬ 250 ਟਰੈਕਟਰ-ਟਰਾਲੀਆਂ ਪਹੁੰਚ ਚੁੱਕੀਆਂ ਸਨ, ਜਦਕਿ ਹੁਣ ਇਹ ਗਿਣਤੀ ਲਗਭਗ 300 ਹੋ ਗਈ ਹੈ। ਕਿਸਾਨਾਂ ਨੇ ਰਾਤ ਸਮੇਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਠਹਿਰਾਅ ਕੀਤਾ, ਜਦਕਿ ਕਈ ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਸੜਕ ਕਿਨਾਰੇ ਖੜ੍ਹੀਆਂ ਕਰਕੇ ਮੋਰਚੇ ਦੀ ਸਟੇਜ ਨੇੜੇ ਡੇਰਾ ਲਾਇਆ। ਕਿਸਾਨ ਆਪਣੇ ਨਾਲ ਰਾਸ਼ਨ ਅਤੇ ਪਾਣੀ ਦਾ ਪ੍ਰਬੰਧ ਕਰਕੇ ਪਹੁੰਚੇ ਹਨ।
ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ, ਬਲਦੇਵ ਸਿੰਘ ਨਿਹਾਲਗੜ੍ਹ, ਹਰਮੀਤ ਸਿੰਘ ਕਾਦੀਆਂ, ਪ੍ਰੇਮ ਸਿੰਘ ਭੰਗੂ, ਜਗਮੋਹਨ ਸਿੰਘ ਉੱਪਲ, ਦਲਬੀਰ ਸਿੰਘ, ਰਵਨੀਤ ਸਿੰਘ ਬਰਾੜ ਅਤੇ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਮੁਹਾਲੀ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਯੂਟੀ ਪ੍ਰਸ਼ਾਸਨ ਨਾਲ ਹੋਈ ਸਾਂਝੀ ਮੀਟਿੰਗ ਵਿੱਚ ਸ਼ਾਂਤਮਈ ਪ੍ਰਦਰਸ਼ਨ ਲਈ ਸਹਿਮਤੀ ਬਣੀ ਹੈ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ’ਤੇ ਚੰਡੀਗੜ੍ਹ ਦੀ ਹੱਦ ਤੋਂ ਬੈਸਟੈੱਕ ਮਾਲ ਤੱਕ ਸੜਕ ਦੇ ਇੱਕ ਪਾਸੇ ਧਰਨਾ ਦੇਣ ਲਈ ਥਾਂ ਅਲਾਟ ਕੀਤੀ ਗਈ ਹੈ। ਪ੍ਰਸ਼ਾਸਨ ਨੇ ਧਰਨੇ ਦੌਰਾਨ ਪੀਣ ਵਾਲੇ ਪਾਣੀ, ਸਫ਼ਾਈ, ਮੋਬਾਈਲ ਟਾਇਲਟਾਂ ਅਤੇ ਆਵਾਜਾਈ ਦੇ ਸੁਚਾਰੂ ਪ੍ਰਬੰਧ ਦਾ ਭਰੋਸਾ ਦਿੱਤਾ ਹੈ।
SKM ਵੱਲੋਂ ਪੱਕੇ ਮੋਰਚੇ ਲਈ ਪੰਜਾਬ ਦੇ ਦਰਿਆਈ ਪਾਣੀਆਂ ਦੇ ਵਿਵਾਦ ਦਾ ਰਿਪੇਰੀਅਨ ਸਿਧਾਂਤ ਅਤੇ ਸੰਵਿਧਾਨ ਦੇ ਆਧਾਰ ’ਤੇ ਹੱਲ, ਪੰਜਾਬ ਰੀ-ਆਰਗੇਨਾਈਜ਼ੇਸ਼ਨ ਐਕਟ 1966 ਦੀਆਂ ਧਾਰਾਵਾਂ 78, 79 ਅਤੇ 80 ਰੱਦ ਕਰਨ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦੀਆਂ ਮੰਗਾਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਕਣਕ, ਝੋਨੇ ਸਮੇਤ ਸਾਰੀਆਂ ਫ਼ਸਲਾਂ ਲਈ C2+50 ਫੀਸਦੀ ਫਾਰਮੂਲੇ ਅਨੁਸਾਰ MSP ਦੀ ਕਾਨੂੰਨੀ ਗਾਰੰਟੀ, ਅਮਰੀਕਾ ਨਾਲ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ ਅਤੇ ਡੈੱਮ ਸੇਫ਼ਟੀ ਐਕਟ, ਬਿਜਲੀ ਸੋਧ ਬਿੱਲ ਤੇ ਸੀਡ ਬਿੱਲ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ₹10,000 ਪ੍ਰਤੀ ਮਹੀਨਾ ਪੈਨਸ਼ਨ ਜਾਂ ਸਮਾਜਿਕ ਸੁਰੱਖਿਆ ਦੀ ਮੰਗ ਵੀ ਉਠਾਈ ਹੈ।
7 ਸਤੰਬਰ ਤੱਕ ਚੱਲਣ ਵਾਲੇ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਆਪਣੇ ਵਾਹਨ ਮੁਹਾਲੀ ਵਿੱਚ ਨਿਰਧਾਰਤ ਥਾਵਾਂ ’ਤੇ ਖੜ੍ਹੇ ਕਰਨਗੇ ਅਤੇ ਉਥੋਂ ਕੁਝ ਦੂਰੀ ਪੈਦਲ ਤੈਅ ਕਰਕੇ ਧਰਨੇ ਵਾਲੀ ਥਾਂ ’ਤੇ ਪਹੁੰਚਣਗੇ।
Skm s 7 day Indefinite Protest Begins Today Farmers Have Arrived In Chandigarh mohali With Around 300 Tractor trolleys
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)