ਬਰਨਾਲਾ ਦੇ ਧਨੌਲਾ ਸਰਕਾਰੀ ਹਸਪਤਾਲ ਵਿੱਚ ਸਮੇਂ ਸਿਰ ਇਲਾਜ ਨਾ ਮਿਲਣ ਦੇ ਦੋਸ਼ਾਂ ਵਿਚਕਾਰ ਇੱਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਐਮਰਜੈਂਸੀ ਵੇਲੇ ਹਸਪਤਾਲ ਵਿੱਚ ਕੋਈ ਡਾਕਟਰ ਮੌਜੂਦ ਨਹੀਂ ਸੀ, ਜਿਸ ਕਾਰਨ ਔਰਤ ਨੂੰ ਇਲਾਜ ਨਹੀਂ ਮਿਲ ਸਕਿਆ। ਮ੍ਰਿਤਕਾ ਦੀ ਪਛਾਣ ਕਰਮਜੀਤ ਕੌਰ, ਪਤਨੀ ਬਿੱਕਰ ਸਿੰਘ, ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਉਸ ਦੀ ਅਚਾਨਕ ਤਬੀਅਤ ਵਿਗੜਣ 'ਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਧਨੌਲਾ ਲਿਆਂਦਾ ਗਿਆ, ਪਰ ਉੱਥੇ ਨਾ ਤਾਂ ਡਾਕਟਰ ਮੌਜੂਦ ਸੀ ਅਤੇ ਨਾ ਹੀ ਡਿਊਟੀ 'ਤੇ ਤਾਇਨਾਤ ਸਟਾਫ਼ ਵੱਲੋਂ ਕੋਈ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ। ਪਰਿਵਾਰ ਦਾ ਦਾਅਵਾ ਹੈ ਕਿ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕਰਮਜੀਤ ਕੌਰ ਦੀ ਹਸਪਤਾਲ ਵਿੱਚ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਦਰੀ ਦੀ ਅਗਵਾਈ ਹੇਠ ਹਸਪਤਾਲ ਦੇ ਬਾਹਰ ਮ੍ਰਿਤਕਾ ਦੀ ਲਾਸ਼ ਰੱਖ ਕੇ ਧਰਨਾ ਦਿੱਤਾ ਅਤੇ ਮੁੱਖ ਸੜਕ ਜਾਮ ਕਰ ਦਿੱਤੀ। ਮ੍ਰਿਤਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਧਨੌਲਾ ਸਰਕਾਰੀ ਹਸਪਤਾਲ 'ਤੇ ਕਰੀਬ 28 ਪਿੰਡਾਂ ਦੀ ਆਬਾਦੀ ਨਿਰਭਰ ਹੈ, ਪਰ ਲੰਬੇ ਸਮੇਂ ਤੋਂ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਘਾਟ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਦੁਪਹਿਰ ਤੋਂ ਬਾਅਦ ਹਸਪਤਾਲ ਵਿੱਚ ਡਾਕਟਰ ਮਿਲਣਾ ਮੁਸ਼ਕਲ ਹੋ ਜਾਂਦਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਦੂਜੇ ਸ਼ਹਿਰਾਂ ਵਿੱਚ ਰੈਫਰ ਕਰਨਾ ਪੈਂਦਾ ਹੈ। ਪ੍ਰਦਰਸ਼ਨ ਦੀ ਸੂਚਨਾ ਮਿਲਣ 'ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਥਾਣਾ ਧਨੌਲਾ ਦੇ ਐੱਸਐੱਚਓ ਇੰਸਪੈਕਟਰ ਲਖਬੀਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਖ਼ਬਰ ਲਿਖੇ ਜਾਣ ਤੱਕ ਧਰਨਾ ਅਤੇ ਸੜਕ ਜਾਮ ਜਾਰੀ ਸੀ, ਜਦਕਿ ਪੁਲਿਸ ਵੱਲੋਂ ਹਾਲਾਤ 'ਤੇ ਨਜ਼ਰ ਰੱਖੀ ਜਾ ਰਹੀ ਸੀ।
Family Stages Protest After Woman s Death Alleging Lack Of Treatment At Dhanaula Government Hospital
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)