ਵਿਰਾਸਤੀ ਇੰਤਕਾਲ ਬਦਲੇ ਮੰਗੀ ਰਿਸ਼ਵਤ, ਲੁਧਿਆਣਾ ਦਾ ਪਟਵਾਰੀ 3500 ਰੁਪਏ ਲੈਂਦਾ ਵਿਜੀਲੈਂਸ ਦੇ ਜਾਲ ’ਚ ਫਸਿਆ

11/07/2026 | Public Times Bureau | Panjab

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦਿਆਂ ਲੁਧਿਆਣਾ ਦੇ ਮਾਲ ਹਲਕਾ ਧੌਲ ਖੁਰਦ ਵਿੱਚ ਤਾਇਨਾਤ ਪਟਵਾਰੀ ਗੁਰਜੀਤ ਸਿੰਘ ਨੂੰ 3500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵੱਲੋਂ ਇਹ ਕਾਰਵਾਈ ਇੱਕ ਸ਼ਿਕਾਇਤ ਦੇ ਆਧਾਰ ’ਤੇ ਯੋਜਨਾਬੱਧ ਢੰਗ ਨਾਲ ਕੀਤੇ ਗਏ ਜਾਲ ਤਹਿਤ ਕੀਤੀ ਗਈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਪਿੰਡ ਧੌਲ ਖੁਰਦ ਦੇ ਇੱਕ ਵਾਸੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਮਾਪਿਆਂ ਦੀ ਸਾਲ 2016 ਵਿੱਚ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਦੇ ਨਾਮ ’ਤੇ ਪਿੰਡ ਵਿੱਚ ਤਿੰਨ ਬਿਸਵੇ ਦਾ ਪਲਾਟ ਦਰਜ ਹੈ। ਇਸ ਜਾਇਦਾਦ ਦਾ ਵਿਰਾਸਤੀ ਇੰਤਕਾਲ ਉਸ ਅਤੇ ਉਸ ਦੇ ਛੇ ਭੈਣ-ਭਰਾਵਾਂ ਦੇ ਨਾਮ ਕੀਤਾ ਜਾਣਾ ਸੀ। ਸ਼ਿਕਾਇਤਕਰਤਾ ਨੇ ਇੰਤਕਾਲ ਦੀ ਕਾਰਵਾਈ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪਟਵਾਰੀ ਗੁਰਜੀਤ ਸਿੰਘ ਨੂੰ ਸੌਂਪ ਦਿੱਤੇ ਸਨ। ਦੋਸ਼ ਹੈ ਕਿ ਦਸਤਾਵੇਜ਼ ਮਿਲਣ ਤੋਂ ਬਾਅਦ ਪਟਵਾਰੀ ਨੇ ਇੰਤਕਾਲ ਦਰਜ ਕਰਨ ਬਦਲੇ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਬਾਅਦ ਵਿੱਚ ਗੱਲਬਾਤ ਤੋਂ ਬਾਅਦ ਇਹ ਰਕਮ 3500 ਰੁਪਏ ’ਤੇ ਤੈਅ ਹੋ ਗਈ।

ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਨਾਲ ਸਬੰਧਤ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਰਿਸ਼ਵਤ ਦੇਣ ਦੀ ਬਜਾਏ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੀ ਮੁੱਢਲੀ ਜਾਂਚ ਅਤੇ ਤਸਦੀਕ ਤੋਂ ਬਾਅਦ ਵਿਜੀਲੈਂਸ ਟੀਮ ਨੇ ਕਾਰਵਾਈ ਦੀ ਯੋਜਨਾ ਤਿਆਰ ਕੀਤੀ। ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਪਟਵਾਰੀ ਗੁਰਜੀਤ ਸਿੰਘ ਨੂੰ ਸ਼ਿਕਾਇਤਕਰਤਾ ਤੋਂ 3500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕਰ ਲਿਆ। ਵਿਜੀਲੈਂਸ ਨੇ ਦੋਸ਼ੀ ਪਟਵਾਰੀ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਕਿਸੇ ਹੋਰ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਰਿਹਾ ਹੈ ਜਾਂ ਨਹੀਂ।

Bribe Demanded For Inheritance Mutation Ludhiana Patwari Caught In Vigilance Trap While Accepting 3 500


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App