ਸੂਟਕੇਸ 'ਚ ਲਾਸ਼ ਛੁਪਾ ਕੇ ਬਚਣ ਦੀ ਕੋਸ਼ਿਸ਼ ਨਾਕਾਮ, ਏਕਮ ਢਿੱਲੋਂ ਕਤਲ ਮਾਮਲੇ 'ਚ ਪਤਨੀ ਨੂੰ ਉਮਰ ਕੈਦ

04/07/2026 | Public Times Bureau | Panjab

ਮੁਹਾਲੀ ਦੀ ਅਦਾਲਤ ਨੇ ਬਹੁ-ਚਰਚਿਤ ਏਕਮ ਸਿੰਘ ਢਿੱਲੋਂ ਕਤਲ ਮਾਮਲੇ ਵਿੱਚ ਕਰੀਬ ਨੌਂ ਸਾਲ ਚੱਲੀ ਸੁਣਵਾਈ ਤੋਂ ਬਾਅਦ ਦੋਸ਼ੀ ਸੀਰਤ ਕੌਰ ਢਿੱਲੋਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ 90 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸੀਰਤ ਕੌਰ ਮਾਰਚ 2017 ਵਿੱਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਲਗਾਤਾਰ ਨਿਆਂਇਕ ਹਿਰਾਸਤ ਵਿੱਚ ਹੈ। ਇਹ ਸਨਸਨੀਖੇਜ਼ ਘਟਨਾ 19 ਮਾਰਚ 2017 ਦੀ ਰਾਤ ਮੁਹਾਲੀ ਦੇ ਫੇਜ਼-3ਬੀ1 ਸਥਿਤ ਰਿਹਾਇਸ਼ 'ਤੇ ਵਾਪਰੀ ਸੀ। ਸਰਕਾਰੀ ਪੱਖ ਮੁਤਾਬਕ ਘਰੇਲੂ ਵਿਵਾਦ ਦੌਰਾਨ ਸੀਰਤ ਕੌਰ ਨੇ ਆਪਣੇ ਪਤੀ ਅਤੇ ਕਾਰੋਬਾਰੀ ਏਕਮ ਸਿੰਘ ਢਿੱਲੋਂ ਦੇ ਸਿਰ ਵਿੱਚ ਲਾਇਸੈਂਸੀ ਨੌਂ ਮਿਲੀਮੀਟਰ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਵਿਚਾਲੇ ਤਣਾਅ ਦਾ ਕਾਰਨ ਸੀਰਤ ਕੌਰ ਦੀ ਕਿਸੇ ਹੋਰ ਵਿਅਕਤੀ ਨਾਲ ਨੇੜਤਾ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਸੀ।

ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ 'ਤੇ ਲਾਸ਼ ਨੂੰ ਇੱਕ ਵੱਡੇ ਸੂਟਕੇਸ ਵਿੱਚ ਰੱਖ ਕੇ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ। ਅਗਲੇ ਦਿਨ ਜਦੋਂ ਉਹ ਸੂਟਕੇਸ ਨੂੰ ਆਪਣੀ ਕਾਰ ਵਿੱਚ ਰੱਖਣ ਲਈ ਇੱਕ ਆਟੋ ਚਾਲਕ ਦੀ ਮਦਦ ਲੈ ਰਹੀ ਸੀ ਤਾਂ ਸੂਟਕੇਸ ਵਿੱਚੋਂ ਖ਼ੂਨ ਵਗਦਾ ਦੇਖ ਕੇ ਚਾਲਕ ਨੂੰ ਸ਼ੱਕ ਹੋ ਗਿਆ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੂਟਕੇਸ ਵਿੱਚੋਂ ਏਕਮ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਕਰ ਲਈ ਅਤੇ ਸੀਰਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਸੁਣਵਾਈ ਦੌਰਾਨ ਆਟੋ ਚਾਲਕ ਦੀ ਗਵਾਹੀ ਨੂੰ ਅਹਿਮ ਸਬੂਤ ਮੰਨਿਆ ਗਿਆ। ਉਸ ਨੇ ਅਦਾਲਤ ਨੂੰ ਦੱਸਿਆ ਕਿ ਸੀਰਤ ਕੌਰ ਨੇ ਉਸ ਕੋਲੋਂ ਭਾਰੀ ਸੂਟਕੇਸ ਚੁੱਕਣ ਵਿੱਚ ਮਦਦ ਮੰਗੀ ਸੀ ਅਤੇ ਉਸ ਵਿੱਚੋਂ ਖ਼ੂਨ ਵਗਦਾ ਦੇਖ ਕੇ ਉਸ ਨੂੰ ਸ਼ੱਕ ਪਿਆ, ਜਿਸ ਕਾਰਨ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।

ਜਾਂਚ ਦੌਰਾਨ ਸੀਰਤ ਕੌਰ ਨੇ ਸ਼ੁਰੂਆਤੀ ਪੜਾਅ ਵਿੱਚ ਆਪਣਾ ਜੁਰਮ ਕਬੂਲ ਕੀਤਾ ਸੀ, ਪਰ ਬਾਅਦ ਵਿੱਚ ਆਪਣੇ ਬਿਆਨ ਤੋਂ ਮੁਕਰਦਿਆਂ ਦਾਅਵਾ ਕੀਤਾ ਕਿ ਉਸ ਦੇ ਪਤੀ ਨੇ ਖ਼ੁਦਕੁਸ਼ੀ ਕੀਤੀ ਸੀ। ਅਦਾਲਤ ਨੇ ਇਸ ਦਲੀਲ ਨੂੰ ਸਬੂਤਾਂ ਦੇ ਆਧਾਰ 'ਤੇ ਰੱਦ ਕਰ ਦਿੱਤਾ ਅਤੇ ਸਰਕਾਰੀ ਪੱਖ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਭਰੋਸੇਯੋਗ ਮੰਨਦਿਆਂ ਦੋਸ਼ੀ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ। ਫ਼ੈਸਲੇ ਤੋਂ ਬਾਅਦ ਏਕਮ ਸਿੰਘ ਢਿੱਲੋਂ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਪਰਿਵਾਰ ਅਦਾਲਤ ਦੇ ਫ਼ੈਸਲੇ ਨਾਲ ਸੰਤੁਸ਼ਟ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਨਸਾਫ਼ ਮਿਲਣ ਵਿੱਚ ਲੰਮਾ ਸਮਾਂ ਲੱਗਿਆ, ਪਰ ਆਖ਼ਰਕਾਰ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦੋਸ਼ੀ ਧਿਰ ਉੱਚ ਅਦਾਲਤ ਵਿੱਚ ਅਪੀਲ ਕਰਦੀ ਹੈ ਤਾਂ ਪਰਿਵਾਰ ਕਾਨੂੰਨੀ ਲੜਾਈ ਜਾਰੀ ਰੱਖਣ ਲਈ ਤਿਆਰ ਹੈ।

Attempt To Escape By Hiding Body In Suitcase Fails Wife Gets Life Imprisonment In Ekam Dhillon Murder Case


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App