ਮੌਨਸੂਨ ਦੀ ਆਮਦ ਹੁਣ ਨਜ਼ਦੀਕ ਹੋਣ ਦੇ ਬਾਵਜੂਦ ਰਾਵੀ ਦਰਿਆ ਦੇ ਕਥਲੌਰ ਪੁਲ ਨੇੜੇ ਪਿਛਲੇ ਸਾਲ ਟੁੱਟਿਆ ਧੁੱਸੀ ਬੰਨ੍ਹ ਅਜੇ ਤੱਕ ਮੁੜ ਮਜ਼ਬੂਤ ਨਹੀਂ ਕੀਤਾ ਜਾ ਸਕਿਆ। ਇਸ ਹਾਲਾਤ ਨੇ ਦਰਿਆ ਕੰਢੇ ਵੱਸਦੇ ਕਰੀਬ 70 ਪਿੰਡਾਂ ਦੇ ਲੋਕਾਂ ਵਿੱਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ, ਜਿੱਥੇ ਲੋਕ ਪਿਛਲੇ ਸਾਲ ਦੀ ਹੜ੍ਹ ਤਬਾਹੀ ਨੂੰ ਅਜੇ ਵੀ ਭੁੱਲ ਨਹੀਂ ਸਕੇ। ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਕੋਹਲੀਆਂ ਅੱਡੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਸੀ। ਕਈ ਪਰਿਵਾਰਾਂ ਦੀ ਉਪਜਾਊ ਜ਼ਮੀਨ ਦਰਿਆ ਵਿੱਚ ਸਮਾ ਗਈ, ਘਰਾਂ ਅਤੇ ਵਪਾਰਕ ਢਾਂਚਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਕੁਝ ਥਾਵਾਂ ’ਤੇ ਜਾਨੀ ਨੁਕਸਾਨ ਵੀ ਦਰਜ ਕੀਤਾ ਗਿਆ। ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਕਿ ਉਹ ਅਜੇ ਤੱਕ ਉਸ ਆਰਥਿਕ ਅਤੇ ਮਾਨਸਿਕ ਸੱਟ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੇ ਹਨ।
ਹੜ੍ਹ ਤੋਂ ਬਾਅਦ ਪ੍ਰਸ਼ਾਸਨ ਅਤੇ ਸਮਾਜਿਕ ਸੰਗਠਨਾਂ ਵੱਲੋਂ ਮਿੱਟੀ ਨਾਲ ਭਰੀਆਂ ਬੋਰੀਆਂ ਰੱਖ ਕੇ ਆਰਜ਼ੀ ਧੁੱਸੀ ਬੰਨ੍ਹ ਤਿਆਰ ਕੀਤਾ ਗਿਆ ਸੀ, ਜਿਸ ਨਾਲ ਉਸ ਸਮੇਂ ਪਾਣੀ ਦੇ ਵਹਾਅ ਨੂੰ ਕੁਝ ਹੱਦ ਤੱਕ ਰੋਕਿਆ ਗਿਆ ਸੀ। ਪਰ ਸਮੇਂ ਦੇ ਨਾਲ ਇਹ ਆਰਜ਼ੀ ਪ੍ਰਬੰਧ ਕਮਜ਼ੋਰ ਹੋ ਚੁੱਕੇ ਹਨ ਅਤੇ ਬੋਰੀਆਂ ਤੇ ਰੱਸੀਆਂ ਦੀ ਹਾਲਤ ਖਰਾਬ ਹੋਣ ਕਾਰਨ ਲੋਕਾਂ ਵਿੱਚ ਡਰ ਵਧ ਰਿਹਾ ਹੈ ਕਿ ਭਾਰੀ ਮੀਂਹ ਪੈਣ ਦੀ ਸੂਰਤ ਵਿੱਚ ਇਹ ਰੋਕ ਟਿਕ ਨਹੀਂ ਸਕੇਗੀ। ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਸੂਬਾਈ ਜਨਰਲ ਸਕੱਤਰ ਕਰਮਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਆਰਜ਼ੀ ਪ੍ਰਬੰਧ ਆਪਣੀ ਮਿਆਦ ਪੂਰੀ ਕਰ ਚੁੱਕੇ ਹਨ ਅਤੇ ਹੁਣ ਤੁਰੰਤ ਪੱਕਾ ਧੁੱਸੀ ਬੰਨ੍ਹ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਦੇਰੀ ਹੋਣ ਦੀ ਸੂਰਤ ਵਿੱਚ ਹਾਲਾਤ ਮੁੜ ਗੰਭੀਰ ਰੂਪ ਧਾਰਨ ਕਰ ਸਕਦੇ ਹਨ।
ਇਸ ਮੁੱਦੇ ਨੇ ਸਿਆਸੀ ਰੰਗ ਵੀ ਲੈ ਲਿਆ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਹੜ੍ਹ ਆਏ ਨੂੰ ਕਾਫੀ ਸਮਾਂ ਬੀਤ ਚੁੱਕਾ ਹੈ ਪਰ ਸਥਾਈ ਹੱਲ ਅਜੇ ਤੱਕ ਨਹੀਂ ਕੀਤਾ ਗਿਆ। ਦੂਜੇ ਪਾਸੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਡਰੇਨੇਜ ਵਿਭਾਗ ਦੇ ਸਬ-ਡਿਵੀਜ਼ਨ ਅਫਸਰ ਪੰਕਜ ਬਾਲੀ ਅਨੁਸਾਰ ਸੁਰੱਖਿਆ ਲਈ ਪੱਥਰਾਂ ਦੇ ਕਰੇਟ ਲਗਾਉਣ ਸਮੇਤ ਹੋਰ ਤਕਨੀਕੀ ਵਿਕਲਪਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਅਗਲੇ ਕਦਮ ਤੈਅ ਕੀਤੇ ਜਾਣਗੇ। ਮੌਨਸੂਨ ਨੇੜੇ ਹੋਣ ਕਾਰਨ ਹੁਣ ਰਾਵੀ ਦਰਿਆ ਕੰਢੇ ਵੱਸਦੇ ਪਿੰਡਾਂ ਦੀ ਨਜ਼ਰ ਸਰਕਾਰ ਅਤੇ ਪ੍ਰਸ਼ਾਸਨ ’ਤੇ ਟਿਕੀ ਹੋਈ ਹੈ। ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਜੇਕਰ ਤੁਰੰਤ ਮਜ਼ਬੂਤ ਪ੍ਰਬੰਧ ਨਾ ਕੀਤੇ ਗਏ ਤਾਂ ਪਿਛਲੇ ਸਾਲ ਵਰਗੀ ਤਬਾਹੀ ਫਿਰ ਦੁਹਰਾਈ ਜਾ ਸਕਦੀ ਹੈ।
Fear Looms On The Banks Of The Ravi On The Threshold Of Monsoon Repair Of The Broken Dhussi Dam Stalled
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)