ਕਰੋੜਾਂ ਰੁਪਏ ਬੈਂਕ ਖਾਤਿਆਂ ਵਿੱਚ ਬੰਦ, ਵਿਕਾਸ ਠੱਪ—ਹਰਿਆਊ ਖੁਰਦ ਦੇ ਪਿੰਡ ਵਾਸੀਆਂ ਵਿੱਚ ਰੋਸ ਵਧਿਆ

31/05/2026 | Public Times Bureau | Panjab

ਸਬ-ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪੰਜ ਹਜ਼ਾਰ ਤੋਂ ਵੱਧ ਆਬਾਦੀ ਵਾਲੇ ਪਿੰਡ ਹਰਿਆਊ ਖੁਰਦ ਵਿੱਚ ਪੰਚਾਇਤੀ ਵਿਕਾਸ ਕਾਰਜਾਂ ਦੇ ਠੱਪ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਹੈ। ਪਿੰਡ ਦੀ ਪੰਚਾਇਤੀ ਜ਼ਮੀਨ ਖੰਡ ਮਿੱਲ ਲਈ ਐਕਵਾਇਰ ਹੋਣ ਤੋਂ ਬਾਅਦ ਮਿਲੀ ਕਰੋੜਾਂ ਰੁਪਏ ਦੀ ਰਕਮ ਬੈਂਕ ਖਾਤਿਆਂ ਵਿੱਚ ਪਈ ਹੋਣ ਦੇ ਬਾਵਜੂਦ ਇਸਦੀ ਵਰਤੋਂ ਨਾ ਹੋਣ ਕਰਕੇ ਪਿੰਡ ‘ਵਿਕਾਸ ਰਹਿਤ’ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ। ਪਿੰਡ ਦੇ ਮੋਹਤਬਾਰਾਂ ਅਤੇ ਪੰਚਾਇਤੀ ਨੁਮਾਇੰਦਿਆਂ ਮੁਤਾਬਕ 1990 ਦੇ ਦਹਾਕੇ ਵਿੱਚ ਪਿੰਡ ਦੀ ਜ਼ਮੀਨ ਸਰਕਾਰ ਵੱਲੋਂ ਖੰਡ ਮਿੱਲ ਲਈ ਐਕਵਾਇਰ ਕੀਤੀ ਗਈ ਸੀ, ਜਿਸ ਦੇ ਬਦਲੇ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਪੰਚਾਇਤ ਨੂੰ ਲਗਭਗ ਨੌ ਕਰੋੜ ਰੁਪਏ ਦੀ ਰਕਮ ਪ੍ਰਾਪਤ ਹੋਈ ਸੀ। ਇਹ ਰਕਮ ਵੱਖ-ਵੱਖ ਪੰਚਾਇਤੀ ਖਾਤਿਆਂ ਵਿੱਚ ਜਮ੍ਹਾਂ ਹੈ, ਪਰ ਨਿਯਮਾਂ ਅਨੁਸਾਰ ਸਿਰਫ ਇਸਦਾ ਵਿਆਜ ਹੀ ਵਿਕਾਸ ਕੰਮਾਂ ਲਈ ਵਰਤਿਆ ਜਾ ਸਕਦਾ ਹੈ।

ਸਰਪੰਚ ਗੱਜਣ ਸਿੰਘ ਅਤੇ ਸਰਪੰਚ ਬਲਜਿੰਦਰ ਸਿੰਘ ਸਮੇਤ ਪੰਚਾਇਤ ਮੈਂਬਰਾਂ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ, ਪ੍ਰੇਮਾ, ਜਗਜੀਤ ਸਿੰਘ ਅਤੇ ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਫੰਡ ਖਾਤਿਆਂ ਵਿੱਚ ਹੋਣ ਦੇ ਬਾਵਜੂਦ ਪਿੰਡ ਦੀਆਂ ਮੁੱਢਲੀਆਂ ਸਹੂਲਤਾਂ ਤਰਸਯੋਗ ਹਾਲਤ ਵਿੱਚ ਹਨ। ਟੁੱਟੀਆਂ ਗਲੀਆਂ, ਖਰਾਬ ਪਾਈਪਲਾਈਨਾਂ ਅਤੇ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਲੋਕ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਅਨੁਸਾਰ ਵਾਟਰ ਵਰਕਸ ਦਾ ਟਿਊਬਵੈੱਲ ਲਗਭਗ ਚਾਰ ਸਾਲ ਪਹਿਲਾਂ ਲਗਾਇਆ ਗਿਆ ਸੀ, ਪਰ ਪਾਈਪਲਾਈਨ ਖਰਾਬ ਹੋਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੈ। 13 ਕਿਲੋਮੀਟਰ ਨਵੀਂ ਪਾਈਪਲਾਈਨ ਲਈ ਪੰਚਾਇਤੀ ਹਿੱਸੇ ਵਜੋਂ 3 ਲੱਖ 70 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ, ਪਰ ਬੈਂਕ ਖਾਤਾ ਖੋਲ੍ਹਣ ਅਤੇ ਪ੍ਰਸ਼ਾਸਕੀ ਕਾਰਵਾਈ ਵਿੱਚ ਦੇਰੀ ਕਾਰਨ ਕੰਮ ਅਟਕਿਆ ਪਿਆ ਹੈ।

ਪੰਚਾਇਤ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਬੈਂਕ ਵੱਲੋਂ ਵੀ ਵੱਖ-ਵੱਖ ਹਦਾਇਤਾਂ ਕਾਰਨ ਖਾਤਾ ਖੋਲ੍ਹਣ ਦੀ ਪ੍ਰਕਿਰਿਆ ਲਟਕ ਰਹੀ ਹੈ, ਜਿਸ ਨਾਲ ਵਿਕਾਸ ਕਾਰਜ ਹੋਰ ਵੀ ਪ੍ਰਭਾਵਿਤ ਹੋ ਰਹੇ ਹਨ। ਇਸੇ ਦੌਰਾਨ ਪੀਡਬਲਿਊਡੀ ਸੜਕਾਂ ਦੀ ਖਰਾਬ ਹਾਲਤ ਅਤੇ ਜਲ ਸਪਲਾਈ ਵਿਭਾਗ ਦੀ ਅਣਗਹਿਲੀ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਹੋਰ ਵਧ ਗਈਆਂ ਹਨ। ਪਿੰਡ ਵਿੱਚ ਆਯੁਰਵੈਦਿਕ ਡਿਸਪੈਂਸਰੀ ਦੀ ਖਸਤਾ ਹਾਲਤ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਿੱਥੇ ਬਰਸਾਤੀ ਮੌਸਮ ਵਿੱਚ ਪਾਣੀ ਭਰ ਜਾਣ ਕਾਰਨ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਹਤਬਾਰਾਂ ਅਨੁਸਾਰ ਕਰੋੜਾਂ ਰੁਪਏ ਬੈਂਕ ਵਿੱਚ ਪਏ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਪਿੰਡ ਨੂੰ ਨਵੀਆਂ ਗ੍ਰਾਂਟਾਂ ਨਹੀਂ ਮਿਲ ਰਹੀਆਂ, ਜਿਸ ਨਾਲ ਵਿਕਾਸ ਪੂਰੀ ਤਰ੍ਹਾਂ ਰੁਕਿਆ ਹੋਇਆ ਹੈ। ਪੰਚਾਇਤ ਨੁਮਾਇੰਦਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੱਲ ਨਾ ਕੱਢਿਆ ਗਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।

Crores Of Rupees Locked In Bank Accounts Development Stalled Protests Increase Among Villagers Of Hariau Khurd


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App