ਮੁਹਾਲੀ ਨਗਰ ਨਿਗਮ ਚੋਣਾਂ ਲਈ ਮਤਦਾਨ ਪ੍ਰਕਿਰਿਆ ਮੰਗਲਵਾਰ ਸ਼ਾਮ ਮੁਕੰਮਲ ਹੋਣ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੀ ਨਜ਼ਰ ਵੋਟਾਂ ਦੀ ਗਿਣਤੀ ‘ਤੇ ਟਿਕ ਗਈ ਹੈ। ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦਾ ਭਵਿੱਖ ਬੈਲਟ ਬਕਸਿਆਂ ਵਿੱਚ ਬੰਦ ਹੋ ਚੁੱਕਾ ਹੈ, ਜਿਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਗਿਣਤੀ ਕੇਂਦਰਾਂ ਵਿੱਚ ਰੱਖਿਆ ਗਿਆ ਹੈ। ਕੇਂਦਰਾਂ ਦੇ ਬਾਹਰ ਹਥਿਆਰਬੰਦ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਚੋਣਾਂ ਮਗਰੋਂ ਹੁਣ ਸਿਆਸੀ ਪਾਰਟੀਆਂ ਜਿੱਤ-ਹਾਰ ਦੇ ਅੰਕੜਿਆਂ ਵਿੱਚ ਜੁਟ ਗਈਆਂ ਹਨ। ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਉਮੀਦਵਾਰ ਵੋਟਰ ਸੂਚੀਆਂ ਅਤੇ ਬੂਥ ਪੱਧਰੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਆਪਣੇ ਹੱਕ ਵਿੱਚ ਨਤੀਜੇ ਆਉਣ ਦੇ ਦਾਅਵੇ ਕਰ ਰਹੇ ਹਨ। ਕਈ ਥਾਵਾਂ ‘ਤੇ ਸਵੇਰ ਤੋਂ ਹੀ ਨੇਤਾਵਾਂ ਨੇ ਆਪਣੇ ਸਮਰਥਕਾਂ ਨਾਲ ਬੈਠਕਾਂ ਕਰਕੇ ਵੋਟਾਂ ਦਾ ਹਿਸਾਬ-ਕਿਤਾਬ ਸ਼ੁਰੂ ਕਰ ਦਿੱਤਾ।
ਜਾਣਕਾਰੀ ਅਨੁਸਾਰ 50 ਵਾਰਡਾਂ ਵਿੱਚ ਹੋਈਆਂ ਚੋਣਾਂ ਦੌਰਾਨ ਕੁੱਲ 227 ਉਮੀਦਵਾਰ ਮੈਦਾਨ ਵਿੱਚ ਸਨ। ਹੁਣ ਸਾਰਿਆਂ ਦੀ ਨਜ਼ਰ 29 ਮਈ ਨੂੰ ਹੋਣ ਵਾਲੀ ਗਿਣਤੀ ‘ਤੇ ਟਿਕੀ ਹੋਈ ਹੈ। ਇਹ ਚੋਣਾਂ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਨਾਲ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਲਈ ਵੀ ਵਕਾਰ ਦੀ ਲੜਾਈ ਮੰਨੀਆਂ ਜਾ ਰਹੀਆਂ ਹਨ। ਸਿਆਸੀ ਹਲਕਿਆਂ ਵਿੱਚ ਇਨ੍ਹਾਂ ਚੋਣਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਅਹਿਮ ਪੜਤਾਲ ਵਜੋਂ ਵੀ ਦੇਖਿਆ ਜਾ ਰਿਹਾ ਹੈ।ਨਿਗਮ ਖੇਤਰ ਵਿੱਚ ਕੁੱਲ 1 ਲੱਖ 75 ਹਜ਼ਾਰ 357 ਵੋਟਰ ਦਰਜ ਸਨ, ਜਿਨ੍ਹਾਂ ਵਿੱਚੋਂ 96 ਹਜ਼ਾਰ 157 ਵੋਟਰਾਂ ਨੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ। ਇਸ ਤਰ੍ਹਾਂ ਕੁੱਲ ਮਤਦਾਨ ਪ੍ਰਤੀਸ਼ਤ 54.84 ਰਿਹਾ। ਵੱਖ-ਵੱਖ ਪਾਰਟੀਆਂ ਇਸ ਮਤਦਾਨ ਨੂੰ ਆਪਣੇ ਹੱਕ ਵਿੱਚ ਮੰਨਦੀਆਂ ਹੋਈਆਂ ਜਿੱਤ ਦੇ ਦਾਅਵੇ ਕਰ ਰਹੀਆਂ ਹਨ।
ਅੰਕੜਿਆਂ ਮੁਤਾਬਕ ਕਈ ਵਾਰਡਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦਾ ਮਤਦਾਨ ਘੱਟ ਰਿਹਾ, ਹਾਲਾਂਕਿ ਕੁਝ ਵਾਰਡਾਂ ਵਿੱਚ ਮਹਿਲਾ ਵੋਟਰਾਂ ਦੀ ਭਾਗੀਦਾਰੀ ਵੱਧ ਵੀ ਦਰਜ ਕੀਤੀ ਗਈ। ਖ਼ਾਸ ਕਰਕੇ ਵਾਰਡ ਨੰਬਰ 3 ਅਤੇ 7 ਵਿੱਚ ਔਰਤਾਂ ਨੇ ਪੁਰਸ਼ਾਂ ਨਾਲੋਂ ਵੱਧ ਵੋਟਾਂ ਪਾਈਆਂ। ਇਸਦੇ ਉਲਟ ਜ਼ਿਆਦਾਤਰ ਵਾਰਡਾਂ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ ਅੱਗੇ ਰਹੀ। ਹੁਣ ਸਾਰੇ ਸਿਆਸੀ ਧੜਿਆਂ ਦੀ ਨਜ਼ਰ ਉਨ੍ਹਾਂ ਵਾਰਡਾਂ ‘ਤੇ ਹੈ ਜਿੱਥੇ ਮੁਕਾਬਲਾ ਕਾਫ਼ੀ ਫਸਵਾਂ ਅਤੇ ਤਿਕੋਣਾ ਮੰਨਿਆ ਜਾ ਰਿਹਾ ਹੈ। ਚੋਣ ਨਤੀਜੇ ਇਹ ਤੈਅ ਕਰਨਗੇ ਕਿ ਸ਼ਹਿਰ ਦੀ ਸਿਆਸਤ ਵਿੱਚ ਕਿਸ ਪਾਰਟੀ ਦਾ ਦਬਦਬਾ ਬਣਦਾ ਹੈ।
Polls close now waiting for counting political tensions intensify in mohali municipal elections
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)