ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ ਪੰਜ ਕਿਲੋ ਤੋਂ ਵੱਧ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਪੂਰਾ ਨੈੱਟਵਰਕ ਆਸਟ੍ਰੇਲੀਆ ਵਿੱਚ ਬੈਠਾ ਗੁਰਜੰਟ ਸਿੰਘ ਉਰਫ਼ ਜੰਟਾ ਚਲਾ ਰਿਹਾ ਸੀ, ਜਦਕਿ ਪੰਜਾਬ ਵਿੱਚ ਉਸਦੇ ਸਾਥੀ ਨਸ਼ੇ ਦੀ ਸਪਲਾਈ ਅਤੇ ਵੰਡ ਦਾ ਕੰਮ ਕਰ ਰਹੇ ਸਨ। ਮਾਮਲੇ ਦੇ ਤਾਰ ਜੈਪਾਲ ਭੁੱਲਰ ਗੈਂਗ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਮੁਤਾਬਕ, 7 ਮਾਰਚ 2026 ਨੂੰ ਲੁਧਿਆਣਾ ਦੇ ਰਹਿਣ ਵਾਲੇ ਅਕਸ਼ੈ ਕੁਮਾਰ ਨੂੰ 301 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਇਹ ਨਸ਼ੀਲੀ ਖੇਪ ਵਿਸ਼ਾਲ ਅਤੇ ਸੰਜੀਵ ਕੁਮਾਰ ਉਰਫ਼ ਸੰਨੀ ਤੋਂ ਲੈਂਦਾ ਸੀ। ਜਾਂਚ ਅੱਗੇ ਵਧੀ ਤਾਂ ਗੁਰਜੰਟ ਸਿੰਘ ਉਰਫ਼ ਜੰਟਾ ਅਤੇ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਦੇ ਨਾਮ ਸਾਹਮਣੇ ਆਏ।
ਪੁਲਿਸ ਨੇ ਸੋਮਵਾਰ ਨੂੰ ਹਰਬੀਰ ਸਿੰਘ ਸੋਹਲ ਨੂੰ ਗ੍ਰਿਫ਼ਤਾਰ ਕਰ ਲਿਆ। ਉਸਦੀ ਥਾਰ ਗੱਡੀ ਦੀ ਤਲਾਸ਼ੀ ਦੌਰਾਨ ਪੰਜ ਕਿਲੋ 100 ਗ੍ਰਾਮ ਹੈਰੋਇਨ ਅਤੇ ਕਰੀਬ ਡੇਢ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਸ਼ਾ ਰੈਕਟ ਕਾਫ਼ੀ ਸਮੇਂ ਤੋਂ ਸਰਗਰਮ ਸੀ ਅਤੇ ਵਿਦੇਸ਼ੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਇਸੇ ਦੌਰਾਨ ਫਾਜ਼ਿਲਕਾ ਵਿੱਚ ਵੀ ਪੰਜਾਬ ਪੁਲਿਸ ਅਤੇ ਸਰਹੱਦੀ ਸੁਰੱਖਿਆ ਬਲ ਨੇ ਸਾਂਝੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਸਰਹੱਦ ਨੇੜਲੇ ਖੇਤਾਂ ਵਿੱਚੋਂ ਕਰੀਬ 11 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਐੱਸਐੱਸਪੀ ਗਗਨਅਜੀਤ ਸਿੰਘ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇੱਕ ਬੰਡਲ ਵਿੱਚੋਂ 20 ਪੈਕੇਟ ਮਿਲੇ, ਜਿਨ੍ਹਾਂ ਵਿੱਚ ਕੁੱਲ 10 ਕਿਲੋ 950 ਗ੍ਰਾਮ ਹੈਰੋਇਨ ਸੀ।
ਪ੍ਰਾਰੰਭਿਕ ਜਾਂਚ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਸੁੱਟੀ ਗਈ ਸੀ। ਸੁਰੱਖਿਆ ਏਜੰਸੀਆਂ ਹੁਣ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਨਸ਼ਾ ਕਿਸ ਤਸਕਰੀ ਜਾਲ ਤੱਕ ਪਹੁੰਚਾਇਆ ਜਾਣਾ ਸੀ ਅਤੇ ਇਸ ਦੇ ਪਿੱਛੇ ਕੌਣ-ਕੌਣ ਸ਼ਾਮਲ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨੈੱਟਵਰਕ ਨਾਲ ਜੁੜੇ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਕਈ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਵੀ ਹੈ।
International Drug Ring Exposed With Arrest Of Punjabi Singer Racket Running From Australia Linked To Gangsters
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)