ਮੰਡੀਆਂ ‘ਚ ਕਿਸਾਨਾਂ ਦੀ ਲੁੱਟ ਜਾਰੀ, MSP ਤੋਂ 500 ਰੁਪਏ ਘੱਟ ‘ਤੇ ਵਿਕ ਰਿਹਾ ਝੋਨਾ

24/10/2024 | Public Times Bureau | Panjab

ਕੇਂਦਰ ਅਤੇ ਪੰਜਾਬ ਸਰਕਾਰ ਦੇ ਆਪਸੀ ਝਗੜੇ ਵਿੱਚ ਫਸੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਇਸ ਵਾਰ ਮੰਡੀਆਂ ਵਿੱਚ ਬੁਰੀ ਤਰ੍ਹਾਂ ਰੁਲਣ ਲੱਗੀ ਹੈ। ਕਿਸਾਨ ਝੋਨੇ ਦੀ ਫਸਲ ਵਿਕਣ ਦੀ ਆਸ ਵਿੱਚ ਪਿਛਲੇ ਕਈ ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਨ ਪਰ ਸਰਕਾਰੀ ਖਰੀਦ ਦੇ ਸੁਚਾਰੂ ਹੋਣ ਦੇ ਸਰਕਾਰੀ ਦਾਅਵਿਆਂ ਦੇ ਉਲਟ ਖਰੀਦ ਸ਼ੁਰੂ ਹੋਣ ਦੇ ਤਿੰਨ ਹਫਤਿਆਂ ਮਗਰੋਂ ਵੀ ਮੰਡੀਆਂ ਵਿੱਚ ਝੋਨੇ ਨੂੰ ਕੋਈ ਨਹੀਂ ਪੁੱਛ ਰਿਹਾ। ਜਿਹੜਾ ਕੁਝ ਝੋਨਾ ਵਿਕ ਵੀ ਰਿਹਾ ਹੈ ਉਸ ਉੱਪਰ ਲੱਗਣ ਵਾਲਾ ਕੱਟ ਵੀ 170 ਰੁਪਏ ਤੋਂ ਲੈ ਕੇ 500 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜ ਗਿਆ ਹੈ।ਮੰਡੀਆਂ ਅੰਦਰ ਚੱਲ ਰਹੀ ਇਸ ਲੁੱਟ ਦੀ ਖੇਡ ਦੇ ਸ਼ਿਕਾਰ ਕਿਸਾਨ ਮਨਵਿੰਦਰ ਸਿੰਘ ਬਾਜਵਾ, ਗੁਰਲਾਲ ਸਿੰਘ, ਨਵਤੇਜ ਸਿੰਘ ਅਤੇ ਸੰਨੀ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹੋਏ ਹਨ।

ਕਦੇ ਉਨ੍ਹਾਂ ਦੇ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ, ਕਦੀ ਸ਼ੈਲਰ ਮਾਲਕਾਂ ਦੀ ਹੜਤਾਲ ਅਤੇ ਕਦੀ ਆੜ੍ਹਤੀਆਂ ਦੀ ਹੜਤਾਲ ਦੱਸ ਕੇ ਕਈ-ਕਈ ਦਿਨ ਮੰਡੀਆਂ ਵਿੱਚ ਖੱਜਲ ਖੁਆਰ ਕੀਤਾ ਗਿਆ ਅਤੇ ਹੁਣ ਅਖੀਰ ਉਹਨਾਂ ਵੱਲੋਂ ਝੋਨੇ ਦੇ ਐੱਮਐੱਸਪੀ ਉੱਤੇ ਮੋਟਾ ਕੱਟ ਲੁਆਉਣ ਲਈ ਰਾਜੀ ਹੋਣ ਮਗਰੋਂ ਹੀ ਉਨ੍ਹਾਂ ਦੀ ਝੋਨੇ ਦੀ ਫਸਲ ਅੱਧੇ ਪੌਣੇ ਰੇਟਾਂ ਤੇ ਵਿਕ ਸਕੀ ਹੈ। ਕਿਸਾਨਾਂ ਨੇ ਕਿਹਾ ਕਿ ਕਿਤੇ ਕੋਈ ਸੁਨਣ ਵਾਲਾ ਨਹੀਂ ਹੈ ਅਤੇ ਇਹ ਸਿੱਧਾ-ਸਿੱਧਾ ਸਰਕਾਰਾਂ ਦੀ ਨਲਾਇਕੀ ਹੈ ਜੋ ਉਹਨਾਂ ਨੂੰ ਮੰਡੀਆਂ ਵਿੱਚ ਲੁੱਟ ਦਾ ਸ਼ਿਕਾਰ ਹੋਣ ਲਈ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੇ ਅੱਗੇ ਛੱਡ ਦਿੱਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸ਼ੈਲਰ ਉਦਯੋਗ ਨੂੰ ਕੋਈ ਮੁਸ਼ਕਲ ਸੀ ਤਾਂ ਇਸਨੂੰ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੱਲ ਕੀਤਾ ਜਾਣਾ ਚਾਹੀਦਾ ਸੀ। ਖਰੀਦ ਵਿੱਚ ਦੇਰੀ ਹੋਣ ਨਾਲ ਹੁਣ ਸਿਰਫ ਕਿਸਾਨਾਂ ਦੇ ਝੋਨੇ ਤੇ ਕੱਟ ਦਾ ਹੀ ਨਹੀਂ ਸਗੋਂ ਝੋਨੇ ਦੇ ਝਾੜ, ਨਮੀਂ ਦੀ ਮਾਤਰਾ ਵਧ ਜਾਣ ਅਤੇ ਕਣਕ ਦੀ ਬਿਜਾਈ ਲੇਟ ਹੋਣ ਵਰਗੇ ਅਸਰ ਵੀ ਪੈਣੇ ਸ਼ੁਰੂ ਹੋ ਗਏ ਹਨ।

ਅਸਲ ਵਿੱਚ ਮੰਡੀਆਂ ਵਿੱਚ ਫਸਲਾਂ ਦੇ ਐੱਮਐੱਸਪੀ ਉੱਤੇ ਕੱਟ ਲਾਉਣ ਦਾ ਇਕ ਬੜਾ ਹੀ ਗੁੰਝਲਦਾਰ ਸਿਸਟਮ ਈਜਾਦ ਕੀਤਾ ਗਿਆ ਹੈ, ਕੱਟ ਤੋਂ ਭਾਵ ਕਿਸਾਨਾਂ ਨੂੰ ਮਿਲਣ ਵਾਲੇ ਫਸਲ ਦੇ ਐੱਮਐੱਸਪੀ ਵਿੱਚੋਂ ਕੁਝ ਹਿੱਸਾ ਖਰੀਦਦਾਰਾਂ ਵੱਲੋਂ ਕੱਢ ਲੈਣਾ। ਇਸ ਕੱਟ ਸਿਸਟਮ ਨੂੰ ਜੇਕਰ ਗੌਰ ਨਾਲ ਵੇਖੀਏ ਤਾਂ ਇਸ ਵਿੱਚ ਕਿਸਾਨ ਦੀ ਮੰਡੀਆਂ ਵਿੱਚ ਖੁਲ੍ਹੇ ਅਸਮਾਨ ਹੇਠ ਲੰਮਾਂ ਸਮਾਂ ਨਾ ਬੈਠ ਸਕਣ ਦੀ ਮਜ਼ਬੂਰੀ, ਖਰੀਦ ਏਜੰਸੀਆਂ ਦੀ ਪੱਲ੍ਹਾ ਝਾੜਣ ਦੀ ਨੀਤੀ ਅਤੇ ਆੜ੍ਹਤੀ ਤੇ ਸ਼ੈਲਰ ਉਦਯੋਗ ਦੀ ਮਿਲੀਭੁਗਤ ਵਰਗੇ ਤੱਥ ਸਾਹਮਣੇ ਆਉਂਦੇ ਹਨ। ਹੁਣ ਜਿਵੇਂ-ਜਿਵੇਂ ਝੋਨੇ ਦੀ ਸਰਕਾਰੀ ਖਰੀਦ ‘ਚ ਦੇਰੀ ਹੁੰਦੀ ਜਾ ਰਹੀ ਹੈ। ਉਵੇਂ-ਉਵੇਂ ਕਿਸਾਨਾਂ ਦੀ ਬੇਚੈਨੀ ਅਤੇ ਬੇਵਸੀ ਵਧਦੀ ਜਾ ਰਹੀ ਹੈ।

ਜਿਸਦਾ ਲਾਭ ਚੁੱਕਦੇ ਹੋਏ ਸ਼ੈਲਰ ਉਦਯੋਗ ਸਰਕਾਰ ਉੱਪਰ ਹਾਵੀ ਹੁੰਦਾ ਜਾ ਰਿਹਾ ਹੈ ਅਤੇ ਕੱਟ ਦਾ ਟੋਕਾ ਹੋਰ ਤੇਜ ਕਰ ਦਿੱਤਾ ਗਿਆ ਹੈ। ਨਤੀਜੇ ਵਜੋਂ ਕਿਸਾਨ ਇਸ ਵਾਰ ਹੁਣ ਤੱਕ ਦੇ ਇਤਿਹਾਸ ਦੀ ਸਭ ਤੋਂ ਵੱਡੀ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਸਰਕਾਰੀ ਅਧਿਕਾਰੀ ਐੱਮਐੱਸਪੀ ਉੱਪਰ ਕੱਟ ਲੱਗਣ ਵਾਲੀ ਗੱਲ ਨੂੰ ਮੰਨਣ ਤੋਂ ਬਿਲਕੁੱਲ ਹੀ ਇਨਕਾਰੀ ਇਸ ਵਤੀਰੇ ਪ੍ਰਤੀ ਅਨਜਾਣਤਾ ਦਾ ਪ੍ਰਗਟਾਵਾ ਕਰ ਰਹੇ ਹਨ ਪਰ ਜੇਕਰ ਮੰਡੀਆਂ ਦੇ ਵਿੱਚ ਜਾ ਕੇ ਜ਼ਮੀਨੀ ਹਕੀਕਤ ਵੇਖੀ ਜਾਵੇ ਤਾਂ ਇਸ ਵਾਰ ਸ਼ਾਇਦ ਹੀ ਕੋਈ ਕਿਸਾਨ ਬਾਂਹ ਖੜੀ ਕਰਕੇ ਕਹਿ ਸਕੇ ਕਿ ਉਹ ਕੱਟ ਦਾ ਸ਼ਿਕਾਰ ਨਹੀਂ ਹੋਇਆ ਅਤੇ ਉਸਨੂੰ ਪੂਰਾ ਐੱਮਐੱਸਪੀ ਮਿਲਿਆ ਹੋਵੇ।

Looting Of Farmers Continues In Markets Paddy Is Being Sold At Rs 500 Less Than Msp


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App