ਪੰਜਾਬ ਦੀ ਸਿਆਸਤ ’ਤੇ ਧਾਰਮਿਕ ਡੇਰਿਆਂ ਦਾ ਬਹੁਤ ਵੱਡਾ ਪ੍ਰਭਾਵ ਹੈ। ਸੂਬੇ ਅੰਦਰ ਮੌਜੂਦਾ ਸਮੇਂ ਛੋਟੇ-ਵੱਡੇ 7000 ਦੇ ਕਰੀਬ ਧਾਰਮਿਕ ਡੇਰੇ ਹਨ। ਲੋਕ ਸਭਾ ਚੋਣਾਂ ਦਾ ਅਮਲ ਸ਼ੁਰੂ ਹੁੰਦਿਆ ਹੀ ਇਨ੍ਹਾਂ ਡੇਰਿਆਂ ’ਚ ਸਿਆਸੀ ਆਗੂਆਂ ਦਾ ਆਉਣਾ-ਜਾਣਾ ਵੱਧ ਗਿਆ ਹੈ। ਪਿਛਲੇ ਕੁਝ ਦਹਾਕਿਆਂ ਤੋਂ ਸੂਬੇ ਅੰਦਰ ਹਰ ਪ੍ਰਕਾਰ ਦੀਆਂ ਚੋਣਾਂ ਦੌਰਾਨ ਇਨ੍ਹਾਂ ਡੇਰਿਆਂ ਦਾ ਕਿਸੇ ਵੀ ਪਾਰਟੀ ਦੀ ਜਿੱਤ ਜਾਂ ਹਾਰ ’ਚ ਵੱਡਾ ਯੋਗਦਾਨ ਰਿਹਾ ਹੈ। ਡੇਰਿਆਂ ਦਾ ਰੁਝਾਨ ਵਧੇਰੇ ਕਰ ਕੇ ਪੰਜਾਬ ’ਚ ਅੱਤਵਾਦ ਦੇ ਕਾਲ਼ੇ ਦੌਰ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ। ਇਨ੍ਹਾਂ ਡੇਰਿਆਂ ਦਾ ਵੱਖ-ਵੱਖ ਖਿੱਤਿਆਂ ਤੇ ਜ਼ਿਲ੍ਹਿਆਂ ਅੰਦਰ ਵੱਖੋ-ਵੱਖਰੀ ਤਰ੍ਹਾਂ ਦਾ ਪ੍ਰਭਾਵ ਹੈ।
ਸਿਆਸਤਦਾਨ ਚਾਹੇ ਉਹ ਸੱਤਾ ਵਿਚ ਹੋਣ ਜਾਂ ਨਾ, ਇਨ੍ਹਾਂ ਡੇਰਿਆਂ ’ਚ ਅਕਸਰ ਹੀ ਹਾਜ਼ਰੀ ਭਰਦੇ ਰਹਿੰਦੇ ਹਨ। ਇਸ ਤਰ੍ਹਾਂ ਸਿਆਸੀ ਆਗੂ ਉਕਤ ਡੇਰਿਆਂ ਦੇ ਸ਼ਰਧਾਲੂਆਂ ’ਚ ਇਹ ਸੰਦੇਸ਼ ਪਹੁੰਚਾਉਣ ਦਾ ਯਤਨ ਕਰਦੇ ਹਨ ਕਿ ਉਹ ਡੇਰੇ ਦੇ ਕਰੀਬੀ ਹਨ। ਬਹੁਤੇ ਡੇਰੇ ਚੋਣਾਂ ਦੌਰਾਨ ਸਿੱਧੇ ਜਾਂ ਅਸਿੱਧੇ ਤੌਰ ’ਤੇ ਲੀਡਰਾਂ ਦੀ ਮਦਦ ਕਰਨ ਬਾਰੇ ਆਪਣੇ ਸ਼ਰਧਾਲੂਆਂ ਨੂੰ ਕੋਈ ਆਦੇਸ਼ ਜਾਰੀ ਨਹੀਂ ਕਰਦੇ। ਹਾਲਾਂਕਿ ਮਾਲਵੇ ਖਿੱਤੇ ’ਚ ਵਧੇਰੇ ਪ੍ਰਭਾਵ ਰੱਖਣ ਵਾਲਾ ਡੇਰਾ ਸੱਚਾ ਸੌਦਾ ਸਿਆਸੀ ਲੀਡਰਾਂ ਦੀ ਚੋਣਾਂ ਦੌਰਾਨ ਮਦਦ ਕਰਨ ਜਾਂ ਨਾ ਕਰਨ ਬਾਰੇ ਸ਼ਰਧਾਲੂਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਰਿਹਾ ਹੈ।
ਇਨ੍ਹਾਂ ਡੇਰਿਆਂ ’ਚ ਸਭ ਤੋਂ ਪੁਰਾਣਾ ਤੇ ਵਿਸ਼ਾਲ ਘੇਰੇ ਵਾਲਾ ਧਾਰਮਿਕ ਡੇਰਾ ਰਾਧਾ ਸੁਆਮੀ ਹੈ, ਜਿਸ ਦੀ ਮਾਨਤਾ ਨਾ ਸਿਰਫ ਪੰਜਾਬ ਬਲਕਿ ਹੋਰਨਾਂ ਸੂਬਿਆਂ ਤੇ ਵਿਦੇਸ਼ਾਂ ਤੱਕ ਵੀ ਹੈ। ਇਸ ਡੇਰੇ ਨਾਲ ਹਰ ਪਾਰਟੀ ਦੇ ਆਗੂ ਸਿੱਧੇ ਤੌਰ ’ਤੇ ਵੀ ਜੁੜੇ ਹੋਏ ਹਨ ਜੋ ਕਿ ਡੇਰੇ ਦੇ ਪੱਕੇ ਸ਼ਰਧਾਲੂ ਹਨ। ਇੱਥੇ ਸੂਬਾਈ ਤੋਂ ਇਲਾਵਾ ਕੌਮੀ ਪੱਧਰ ਦੇ ਸਿਆਸਤਦਾਨ ਵੀ ਡੇਰਾ ਮੁਖੀ ਕੋਲ ਆ ਚੁੱਕੇ ਹਨ ਅਤੇ ਅਕਸਰ ਹੀ ਚੁੱਪ-ਚੁਪੀਤੇ ਡੇਰੇ ਪਹੁੰਚ ਜਾਂਦੇ ਹਨ। ਡੇਰਾ ਰਾਧਾ ਸੁਆਮੀ ਦੇ ਸਤਿਸੰਗ ਘਰ ਹਰ ਕਸਬੇ ਤੇ ਸ਼ਹਿਰ ਅੰਦਰ ਮੌਜੂਦ ਹਨ, ਜਿੱਥੇ ਵੱਡੀ ਗਿਣਤੀ ‘ਚ ਸ਼ਰਧਾਲੂ ਆਉਂਦੇ ਹਨ।
ਇਸੇ ਤਰ੍ਹਾਂ ਦੋਆਬੇ ਖਿੱਤੇ ’ਚ ਸਥਿਤ ਡੇਰਾ ਸੰਤ ਬਾਬਾ ਸਰਵਣ ਦਾਸ ਮਹਾਰਾਜ ਸੱਚਖੰਡ ਬੱਲਾਂ ਰਵਿਦਸਾਈਆ ਭਾਈਚਾਰੇ ਦੇ ਲੋਕਾਂ ’ਤੇ ਵੱਡਾ ਪ੍ਰਭਾਵ ਰੱਖਦਾ ਹੈ। ਦੋਆਬੇ ਦੇ ਰਵਿਦਾਸੀਆ ਭਾਈਚਾਰੇ ਦੇ ਸਿਆਸਤਦਾਨ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਰੱਖਦੇ ਹੋਏ, ਇਸ ਡੇਰੇ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹੋਏ ਹਨ। ਦੋਆਬੇ ਤੋਂ ਇਲਾਵਾ ਇਸ ਡੇਰੇ ਦੇ ਸ਼ਰਧਾਲੂ ਮਾਲਵੇ ’ਚ ਵੀ ਹਨ। ਇਹੀ ਕਾਰਨ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੇ ਵਿਧਾਇਕ ਇਸ ਡੇਰੇ ’ਤੇ ਰਾਤਾਂ ਵੀ ਗੁਜ਼ਾਰਦੇ ਹਨ। ਦੋਆਬੇ ’ਚ ਪੈਂਦੇ ਜਲੰਧਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਅਨੁਸੂਚਿਤ ਜਾਤੀ ਲਈ ਰਾਖਵੇਂ ਹੋਣ ਕਰਕੇ ਇਸ ਡੇਰੇ ਦੀ ਚੋਣਾਂ ਦੌਰਾਨ ਅਹਿਮ ਭੂਮਿਕਾ ਰਹਿੰਦੀ ਹੈ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਡੇਰੇ ਨਾਲ ਨੇੜਤਾ ਜੱਗ ਜ਼ਾਹਰ ਹੈ ਅਤੇ ਉਹ ਅਕਸਰ ਹੀ ਇੱਥੇ ਆ ਕੇ ਰਾਤ ਵੀ ਰਹਿੰਦੇ ਹਨ। ਇਹੀ ਕਾਰਨ ਹੈ ਕਿ 2022 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਦੋਆਬੇ ’ਚ ਕਾਂਗਰਸ ਨੇ ਬਾਕੀ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਸੀਟਾਂ ਜਿੱਤੀਆਂ ਸਨ।
ਨੂਰਮਹਿਲ ਸਥਿਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨਾਲ ਵੀ ਵੱਡੀ ਗਿਣਤੀ ਸ਼ਰਧਾਲੂ ਜੁੜੇ ਹੋਏ ਹਨ ਅਤੇ ਸਿਆਸੀ ਪਾਰਟੀਆਂ ਦੇ ਵੱਡੇ-ਵੱਡੇ ਲੀਡਰ ਇਥੇ ਹੋਣ ਵਾਲੇ ਧਾਰਮਿਕ ਸਮਾਗਮਾਂ ’ਚ ਹਾਜ਼ਰੀ ਭਰਦੇ ਰਹੇ ਹਨ ਅਤੇ ਹੁਣ ਵੀ ਸਿਆਸਤਦਾਨਾਂ ਦੀ ਆਮਦ ਵਧ ਗਈ ਹੈ। ਪਿਛਲੇ ਢਾਈ ਦਹਾਕੇ ਪਹਿਲਾਂ ਹੀ ਹੋਂਦ ’ਚ ਆਇਆ ਇਹ ਡੇਰਾ ਵਿਵਾਦਾਂ ’ਚ ਘਿਰਿਆ ਰਿਹਾ ਹੈ। ਚਾਹੇ ਉਹ ਸਿੱਖਾਂ ਦੀਆਂ ਪੰਥਕ ਧਿਰਾਂ ਨਾਲ ਹੋਵੇ ਜਾਂ ਡੇਰੇ ਦੇ ਸੰਸਥਾਪਕ ਸਵਾਮੀ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਨੂੰ ਲੈ ਕੇ ਹੋਵੇ, ਇਹ ਕਾਫੀ ਚਰਚਾ ਵਿਚ ਰਿਹਾ ਹੈ।
Religious Camps Have A Deep Influence On The Politics Of Punjab Political Leaders Are Starting To Visit Religious Camps In View Of The Elections
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)