ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਭਾਜਪਾ ’ਤੇ ਪੰਜਾਬ ਵਿਰੋਧੀ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਭਾਜਪਾ ਦਾ ਵੱਸ ਚੱਲੇ ਤਾਂ ਉਹ ਰਾਸ਼ਟਰੀ ਗਾਣ ’ਚੋਂ ਪੰਜਾਬ ਦਾ ਨਾਂ ਹੀ ਹਟਾ ਦੇਵੇ। ਉਨ੍ਹਾਂ ਕਈ ਮਿਸਾਲਾਂ ਦਿੰਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ।ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਮੰਗਲਵਾਰ ਨੂੰ ਜੀਐੱਸਟੀ ਸੋਧ ਬਿੱਲ ’ਤੇ ਬਹਿਸ ’ਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਹਾ ਕਿ ਭਾਜਪਾ ਐਂਟੀ ਪੰਜਾਬ ਚੱਲ ਰਹੀ ਹੈ। ਜਦੋਂ ਇਸਦਾ ਦਿਲ ਕਰਦਾ ਹੈ ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕ ਲੈਂਦੀ ਹੈ। ਇਸ ਦਾ ਮਨ ਹੈ ਕਿ ਕਿਸਾਨਾਂ ਨੂੰ ਦਿੱਤਾ ਜਾਂਦਾ ਐੱਮਐੱਸਪੀ ਖ਼ਤਮ ਕਰ ਦਿੱਤਾ ਜਾਵੇ। ਸੀਸੀਐੱਲ ਲਿਮਟ ਇਸ ਤਰ੍ਹਾਂ ਦਿੰਦੇ ਹਨ ਜਿਵੇਂ ਅਹਿਸਾਨ ਕਰ ਰਹੇ ਹੋਣ। ਪੰਜਾਬ ਦੇ ਸ਼ਹੀਦ ਹੋਏ ਅਗਨੀਵੀਰ ਨੂੰ ਸਲੂਟ ਤੱਕ ਨਹੀਂ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਪਰਾਲੀ ਸਾੜਨ ’ਤੇ ਕਿਸਾਨਾਂ ’ਤੇ ਪਰਚੇ ਦਰਜ ਕਰ ਦਿਓ, ਜਿਵੇਂ ਇਕੱਲੇ ਪੰਜਾਬ ’ਚ ਹੀ ਪਰਾਲੀ ਸਾੜੀ ਜਾਂਦੀ ਹੋਵੇ।
ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਨਾਮ ਲਏ ਬਗ਼ੈਰ ਕਿਹਾ ਕਿ ਉਹ ਭਾਜਪਾ ਦੇ ਪੰਜਾਬ ਵਿਰੋਧੀ ਫੈਸਲਿਆਂ ’ਤੇ ਚੁੱਪ ਕਿਉਂ ਹਨ?ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵਿਰੋਧੀ ਸਰਕਾਰਾਂ ਵਾਲੇ ਸੂਬਿਆਂ ’ਚ ਈਡੀ ਤੇ ਸੀਬੀਆਈ ਨੂੰ ਭੇਜਿਆ ਜਾ ਰਿਹਾ ਹੈ। ਆਰਥਿਕ ਤੌਰ ’ਤੇ ਸੂਬਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਭਾਜਪਾ ਸੂਬਿਆਂ ਦੀਆਂ ਸ਼ਕਤੀਆਂ ਖੋਹਣਾ ਚਾਹੁੰਦੀ ਹੈ। ਪਹਿਲਾਂ ਸੂਬਿਆਂ ਤੋਂ ਟੈਕਸ ਕੁਲੈਕਸ਼ਨ ਦਾ ਕੰਮ ਖੋਹ ਲਿਆ। ਹੁਣ ਸਿੱਖਿਆ ਨੀਤੀ ਵੀ ਖ਼ੁਦ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਕੋਲ ਕੁੱਝ ਤਾਂ ਰਹਿਣ ਦਿੱਤਾ ਜਾਵੇ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਮੁਜ਼ਾਹਰਿਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ, ਪਰ ਧਰਨਿਆਂ ਦਾ ਤਰੀਕਾ ਬਦਲਣਾ ਪਵੇਗਾ ਕਿਉਂਕਿ ਸੜਕਾਂ ਰੋਕਣ ਨਾਲ ਲੋਕਾਂ ਨੂੰ ਦਿੱਕਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਖੇਤੀ ਮਜਬੂਰੀ ਦਾ ਧੰਦਾ ਬਣ ਗਈ ਹੈ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਕੰਮ ਕਰ ਰਹੀ ਹੈ।
ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਪਿਛਲੀਆਂ ਸਰਕਾਰਾਂ ਨੂੰ ਘੇਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਅਜੇ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਇਆ। ਪਿਛਲੇ ਕਈ ਦਹਾਕਿਆਂ ਦੀ ਇਹ ਬਿਮਾਰੀ (ਰਿਸ਼ਵਤ) ਹੌਲੀ-ਹੌਲੀ ਖ਼ਤਮ ਹੋਵੇਗੀ। ਭ੍ਰਿਸ਼ਟਾਚਾਰ ਦੀ ਮਿਸਾਲ ਦਿੰਦਿਆਂ ਉਨ੍ਹਾਂ ਸਦਨ ’ਚ ਖ਼ੁਲਾਸਾ ਕੀਤਾ ਕਿ ਸਰਕਾਰ ਨੇ ਆਰਟੀਫੀਸ਼ੀਲ ਇੰਟੈਲੀਜੈਂਸ (ਏਆਈ) ਰਾਹੀਂ ਸੂਬੇ ਦੀਆਂ ਕਰੀਬ 65 ਹਜ਼ਾਰ ਕਿਲੋਮੀਟਰ ਸੜਕਾਂ ਦਾ ਸਰਵੇਖਣ ਕਰਵਾਇਆ। ਇਸ ’ਚ ਪਤਾ ਲੱਗਿਆ ਕਿ 540 ਕਿਲੋਮੀਟਰ ਸੜਕਾਂ ਦੀ ਹੋਂਦ ਹੀ ਨਹੀਂ ਹੈ ਪਰ ਇਨ੍ਹਾਂ ਦਾ ਨਿਰਮਾਣ ਤੇ ਰਿਪੇਅਰ ਹੁੰਦੀ ਰਹੀ ਹੈ। ਸਾਲਾਂ ਤੋਂ ਇਨ੍ਹਾਂ ਦੀ ਸਾਂਭ ਸੰਭਾਲ ਦੇ ਨਾਂ ’ਤੇ ਸਰਕਾਰ ’ਤੇ ਬੋਝ ਪਾਇਆ ਜਾਂਦਾ ਰਿਹਾ। ਇਸ ਦੀ ਜਾਂਚ ਕਰਵਾਈ ਜਾਵੇਗੀ ਕਿ ਆਖ਼ਰ ਕੌਣ ਲੋਕ ਹਨ, ਜਿਨ੍ਹਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਿੰਨ-ਚਾਰ ਹੋਰ ਵਿਭਾਗਾਂ ’ਚ ਏਆਈ ਦੀ ਸ਼ੁਰੂਆਤ ਕਰ ਰਹੀ ਹੈ।
ਮੁੱਖ ਮੰਤਰੀ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਵੀ ਸਦਨ ’ਚ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਜਲਾਸ ਕਾਨੂੰਨੀ ਹੈ ਜਾਂ ਗ਼ੈਰ ਕਾਨੂੰਨੀ, ਇਸ ਬਾਰੇ ਸੁਪਰੀਮ ਕੋਰਟ ਨੇ ਦੱਸ ਦਿੱਤਾ। ਰਾਜਪਾਲ ਦਾ ਧੰਨਵਾਦ ਇਸ ਲਈ, ਕਿਉਂਕਿ ਸਰਕਾਰ ਨੇ ਜਦੋਂ ਇਜਲਾਸ ਚੁੱਕਿਆ ਤੇ ਇਜਲਾਸ ਬੁਲਾਇਆ ਤਾਂ ਉਨ੍ਹਾਂ ਫ਼ੌਰੀ ਤੌਰ ’ਤੇ ਇਸ ਦੀ ਮਨਜ਼ੂਰੀ ਦੇ ਦਿੱਤੀ। ਪਹਿਲਾਂ ਇਜਾਜ਼ਤ ਦੇ ਕੇ ਵਾਪਸ ਲੈ ਲਈ ਸੀ। ਇਸ ਕਾਰਨ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਫ਼ੈਸਲਾ ਮੀਲ ਦਾ ਪੱਥਰ ਬਣ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਜਿੱਤ-ਹਾਰ ਦੀ ਗੱਲ ਨਹੀਂ ਕਰ ਰਹੇ। ਸਰਕਾਰ ਤੇ ਰਾਜਪਾਲ ਵਿਚਕਾਰ ਟਕਰਾਅ ਨਹੀਂ ਚਾਹੁੰਦੇ। ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਹੋਰਨਾਂ ਸੂਬਿਆਂ, ਜਿੱਥੇ ਗ਼ੈਰ-ਭਾਜਪਾ ਸਰਕਾਰਾਂ ਹਨ, ਨੂੰ ਵੀ ਲਾਭ ਮਿਲਿਆ ਹੈ। ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣੀ ਵੀ ਆਉਂਦੀ ਹੈ ਤੇ ਚਲਾਉਣੀ ਵੀ ਆਉਂਦੀ ਹੈ।ਵਿਧਾਨ ਸਭਾ ’ਚ ਵਿਰੋਧੀ ਧਿਰ ਨੇ ਸੂਬੇ ਦੀਆਂ ਦੋ ਪ੍ਰਮੁੱਖ ਯੋਜਨਾਵਾਂ ਆਮ ਆਦਮੀ ਕਲੀਨਿਕ, ਸਸਤੀ ਰੇਤਾ ਬਜਰੀ ਦੇ ਮੁੱਦੇ ਦੇ ਨਾਲ-ਨਾਲ ਗ਼ੈਰ ਕਾਨੂੰਨੀ ਮਾਇਨਿੰਗ ਮਾਮਲੇ ’ਚ ਸਰਕਾਰ ਨੂੰ ਘੇਰਿਆ। ਹਾਲਾਂਕਿ ਆਮ ਆਦਮੀ ਕਲੀਨਿਕਾਂ ਦੇ ਮਾਮਲੇ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਰਕਾਰ ਦਾ ਬਚਾਅ ਕਰਨ ’ਚ ਕਾਮਯਾਬ ਰਹੇ।
Bjp Should Remove The Name Of Punjab From The National Anthem In The Vidhan Sabha Session Cm Mann Tightened The Tension
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)