ਨਵਜੋਤ ਕੌਰ ਵਿਸ਼ਵ ਸੁੰਦਰੀ ਮੁਕਾਬਲੇ ਲਈ ਭਾਰਤ ਪਹੁੰਚੀ-ਅੰਤਿਮ ਮੁਕਾਬਲਾ 9 ਮਾਰਚ ਨੂੰ

19/02/2024 | Public Times Bureau | New Zealand

ਨਿਊਜ਼ੀਲੈਂਡ ਦੀ ਧਰਤੀ ਉਤੇ ਪੰਜਾਬੀਆਂ ਨੇ ਪਹਿਲੀ ਵਾਰ 1890 ਦੇ ਵਿਚ ਪੈਰ ਧਰੇ ਸਨ ਅਤੇ ਹੁਣ ਵਰਤਾਰਾ ਇਹ ਹੈ ਕਿ ਇਥੇ ਵਸੇ ਪੰਜਾਬੀ ਨਿਊਜ਼ੀਲੈਂਡ ਦੇ ਪੈਰ ਭਾਰਤ ਦੀ ਧਰਤੀ ਉਤੇ ਧਰ ਕੇ ਦੇਸ਼ ਦੀ ਨੁਮਾਇੰਦਗੀ ਕਰਨ ਲੱਗੇ ਹਨ। ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੋਵੇਗੀ ਕਿ ਸਿੱਖ ਪਰਿਵਾਰ ਦੀ ਇਕ 27 ਸਾਲਾ ਕੁੜੀ ਨਵਜੋਤ ਕੋਰ ਇਸ ਵਾਰ ਨਿਊਜ਼ੀਲੈਂਡ ਦੀ ਪ੍ਰਤੀਨਿਧਤਾ ਵਿਸ਼ਵ ਸੁੰਦਰੀ ਮੁਕਾਬਲੇ (ਮਿਸ ਵਰਲਡ 2023) ਦੇ ਵਿਚ ਕਰ ਰਹੀ ਹੈ। ਨਿਊਜ਼ੀਲੈਂਡ ਭਾਵੇਂ ਕਈ ਵਾਰ ਟਾਪ-7 ਦੇ ਵਿਚ ਅਤੇ ਦੋ ਵਾਰ ਉਪ ਜੇਤੂ (1963 ਅਤੇ 1997) ਜ਼ਰੂਰ ਰਿਹਾ ਹੈ। ਵਰਨਣਯੋਗ ਰਹੇਗਾ ਕਿ 1997 ਦੇ ਵਿਚ ਭਾਰਤੀ ਕੁੜੀ ਡਿਆਨਾ ਹੈਡਨ ਵਿਸ਼ਵ ਸ਼ੁੰਦਰੀ ਬਣੀ ਸੀ ਤੇ ਨਿਊਜ਼ੀਲੈਂਡ ਦੀ ਲਾਉਰਲੀ ਮਾਰਟੀਨੋਵਿਚ ਉਪ ਜੇਤੂ ਰਹੀ ਸੀ।

ਕਰੋਨਾ ਦੇ ਚਲਦਿਆਂ ਇਹ ਵਿਸ਼ਵ ਸੁੰਦਰੀ ਮੁਕਾਬਲਾ 2022 ਦੇ ਵਿਚ ਨਹੀਂ ਹੋਇਆ ਸੀ ਅਤੇ ਇਸ ਵਾਰ 2023 ਦੇ ਮੁਕਾਬਲੇ ਵਿਚ ਨਿਊਜ਼ੀਲੈਂਡ ਦੀ ਦਾਅਵੇਦਾਰੀ ਪੰਜਾਬੀ ਕੁੜੀ ਨਵਜੋਤ ਕੌਰ ਪੂਰੇ ਜੋਸ਼ ਨਾਲ ਕਰ ਰਹੀ ਹੈ। ਵਿਸ਼ਵ ਸੁੰਦਰਤਾ ਦੇ ਨਕਸ਼ੇ ਉਤੇ ਕੀਵੀ ਪੰਜਾਬੀ ਨੈਣ-ਨਕਸ਼ ਆਪਣੀ ਸੁੰਦਰਤਾ ਅਤੇ ਸਿਆਣਪ ਦੀ ਸੂਝ-ਬੂਝ ਦੇ ਨਾਲ ਦੇਸ਼ ਦੀ ਸ਼ਾਨ ਵਧਾਉਣਗੇ। ਕੌਣ ਹੈ ਨਵਜੋਤ ਕੌਰ?: ਜਲੰਧਰ ਦੇ ਨਾਲ ਸਬੰਧ ਰੱਖਦਾ ਇਹ ਪਰਿਵਾਰ 1990 ਦੇ ਦਹਾਕੇ ਦੇ ਅੱਧ ਵਿਚ ਨਿਊਜ਼ੀਲੈਂਡ ਆ ਵਸਿਆ ਸੀ। ਬੱਚਿਆਂ ਦੀ ਪਰਵਰਿਸ਼ ਇਸਦੀ ਮਾਂ ਦੇ ਹਿੱਸੇ ਆਈ। ਆਰਥਿਕ ਹਲਾਤਾਂ ਦੇ ਚਲਦਿਆਂ ਮੈਨੁਰੇਵਾ ਟਾਊਨ ਦੇ ਵਿਚ ਸਰਕਾਰੀ ਘਰ ਦੇ ਵਿਚ ਗੁਜ਼ਾਰਿਆ। ਉਚ ਪੜ੍ਹਾਈ ਤੋਂ ਬਾਅਦ ਇਸ ਕੁੜੀ ਨੇ ਪਹਿਲਾਂ ਪੁਲਿਸ ਦੇ ਵਿਚ (2019) ਨੌਕਰੀ ਕੀਤੀ।

ਦੋ ਸਾਲ ਕਾਨੂੰਨ ਵਿਵਸਥਾ ਦਾ ਪਾਲਣ ਕਰਦਿਆਂ ਅਤੇ ਪਾਲਣ ਕਰਵਾਉਂਦਿਆਂ ਆਪਣੇ ਹੌਂਸਲੇ ਹੋਰ ਬੁਲੰਦ ਕੀਤੇ ਅਤੇ ਫਿਰ ਨੌਕਰੀ ਛੱਡ ਹੋਰ ਉਚੀ ਉਡਾਉਣ ਭਰਨ ਦੇ ਲਈ ਆਪਣੇ ਖੰਬਾਂ ਨੂੰ ਹੋਰ ਮਜ਼ਬੂਤ ਕੀਤਾ। ਪੁਲਿਸ ਦੇ ਵਿਚ ਫਰੰਟ ਲਾਈਨ ਅਫਸਰ ਹੁੰਦਿਆ ਇਸਨੇ ਅਪਰਾਧਿਕ ਮਾਲਿਆਂ ਦੇ ਬਹੁਤ ਸਾਰੇ ਪੀੜਤ ਲੋਕਾਂ ਨੂੰ ਵੇਖਿਆ, ਬੱਚਿਆਂ ਨੂੰ ਵੇਖਿਆ, ਪਰਿਵਾਰ ਕੁਰਲਾਉਂਦੇ ਵੇਖੇ ਅਤੇ ਇਕ ਆਤਮ ਹੱਤਿਆ ਦੇ ਕੇਸ ਨੇ ਇਸ ਦਾ ਮਨ ਪਸੀਜ ਦਿੱਤਾ ਅਤੇ ਨੌਕਰੀ ਛੱਡ ਦਿੱਤੀ। ਇਸ ਉਪਰੰਤ ਉਸਨੇ ਨਿੱਜੀ ਟ੍ਰੇਨਿੰਗ ਹਾਸਿਲ ਕੀਤੀ ਅਤੇ ਰੁਜ਼ਗਾਰ ਦੇ ਲਈ ਉਸਨੇ ਰੀਅਲ ਇਸਟੇਟ ਦਾ ਕਿੱਤਾ ਚੁਣਿਆ ਪਰ ਆਪਣੇ ਸੁਪਨਿਆਂ ਨੂੰ ਰੀਅਲ ਦੇ ਵਿਚ ਪੂਰਾ ਕਰਨ ਦੇ ਲਈ ਕਦੇ ਅਵੇਸਲਾਪਣ ਨਹੀਂ ਵਿਖਾਇਆ। ਇਸਦੀ ਛੋਟੀ ਭੈਣ ਈਸ਼ਾ ਕੌਰ ਜੋ ਇਸਦੇ ਨਾਲ ਹੀ ਕੰਮ ਕਰਦੀ ਹੈ, ਵੀ ਅਕਸਰ ਅਜਿਹੇ ਮੁਕਾਬਲਿਆਂ ਵਿਚ ਭਾਗ ਲੈਂਦੀ ਹੈ ਅਤੇ ਦੋਵੇਂ ਭੈਣਾਂ ਜ਼ਿੰਦਗੀ ’ਚ ਅੱਗੇ ਵਧਣ ਦੇ ਜ਼ਜਬੇ ਨੂੰ ਸਮਰਪਿਤ ਰਹਿੰਦੀਆਂ ਹਨ। ਨਵਜੋਤ ਕੌਰ ਅਨੁਸਾਰ ਵਿਸ਼ਵ ਸੁੰਦਰੀ ਮੁਕਾਬਲਾ ਸਿਰਫ ਸੁੰਦਰਤਾ ਤੱਕ ਸੀਮਤ ਨਹੀਂ ਹੈ, ਇਹ ਭਾਈਚਾਰਕ ਸ਼ਮੂਲੀਅਤ ਵਾਲੇ ਉਪਕਾਰਾਂ ਦੇ ਵਿਚ ਸ਼ਾਮਿਲ ਹੋਣਾ ਵੀ ਹੁੰਦਾ ਹੈ। ਕਈ ਵਾਰ ਤੈਰਾਕੀ ਵਾਲੇ ਕੱਪੜਿਆਂ ਨੂੰ ਲੈ ਕੇ ਸੁੰਦਰਤਾ ਮੁਕਾਬਲਿਆਂ ਦੀ ਆਲੋਚਨਾ ਹੋਈ ਹੈ, ਪਰ ਹੁਣ ਮਿਸ ਵਰਲਡ ਦੇ ਵਿਚ ਇਹ ਰਾਊਂਡ ਸ਼ਾਮਿਲ ਨਹੀਂ ਹੈ। ਮਿਸ ਵਰਲਡ ਸੁੰਦਰਤਾ ਮੁਕਾਬਲਾ ਹੁਣ ਤੱਕ 2.06 ਬਿਲੀਅਨ ਡਾਲਰ ਬੱਚਿਆਂ ਦੀ ਭਲਾਈ ਲਈ ਇਕੱਤਰ ਕਰ ਚੁੱਕਾ ਹੈ। ਨਵਜੌਤ ਕੌਰ ਮਾਓਰੀ ਨਿ੍ਰਤ ‘ਪੋਇ’ ਅਤੇ ਪੰਜਾਬ ਦਾ ਲੋਕ ਨਿ੍ਰਤ ਭੰਗੜਾ-ਗਿੱਧਾ ਵੀ ਕਰ ਲੈਂਦੀ ਹੈ। ਉਹ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਵੀ ਚੰਗੀ ਤਰ੍ਹਾਂ ਜਾਣਦੀ ਹੈ। ਉਹ ਦਸਦੀ ਹੈ ਕਿ ਨਿਊਜ਼ੀਲੈਂਡ ਨੇ 1983 ਦੇ ਵਿਚ ਮਿਸ ਯੂਨੀਵਰਸ (ਮਿਸ ਲੌਰੀਨ ਡੌਨਰਜ਼) ਦਾ ਖਿਤਾਬ ਜਿੱਤਿਆ ਸੀ ਅਤੇ ਦੇਸ਼ ਹੁਣ ਫਿਰ ਇਸ ਵੱਡੇ ਸੁੰਦਰਤਾ ਤਾਜ (ਕਰਾਊਨ) ਦੀ ਉਡੀਕ ਵਿਚ ਹੈ। ਉਸਨੂੰ ਆਸ ਹੈ ਕਿ ਉਹ ਦੇਸ਼ ਦਾ ਅਤੇ ਆਪਣੀ ਕਮਿਊਨਿਟੀ ਦਾ ਨਾਂਅ ਰੌਸ਼ਨ ਕਰੇਗੀ। ਸਮੂਹ ਭਾਰਤੀ ਭਾਈਚਾਰੇ ਵੱਲੋਂ ਉਸਦੀ ਸਫਲਤਾ ਦੀ ਕਾਮਨਾ ਕਰਦੇ ਹਾਂ। ਅੰਤਿਮ ਸੁੰਦਰਤਾ ਮੁਕਾਬਲਾ 9 ਮਾਰਚ ਨੂੰ ਮੁੰਬਈ ਵਿਖੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਖੇ ਹੋ ਰਿਹਾ ਹੈ।

Navjot Kaur Arrived In India For The World Beauty Pageant The Final Competition On March 9


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App